ਗੁਰੂਗ੍ਰਾਮ, ਹਰਿਆਣਾ ਦੇ ਸੈਕਟਰ-77 ਵਿੱਚ ਐਸਪੀਆਰ ਲਿੰਕ ਰੋਡ ‘ਤੇ ਸੰਗੀਤ ਉਦਯੋਗ ਦੇ ਫਾਈਨੈਂਸਰ ਰੋਹਿਤ ਸ਼ੌਕੀਨ ਦਾ ਕਤਲ ਉਸੇ ਤਰੀਕੇ ਨਾਲ ਕੀਤਾ ਗਿਆ, ਜਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ, ਪੰਜਾਬ ਵਿੱਚ ਕਤਲ ਹੋਇਆ ਸੀ।
ਦੋਵਾਂ ਮਾਮਲਿਆਂ ਵਿੱਚ ਪੇਸ਼ੇਵਰ ਨਿਸ਼ਾਨੇਬਾਜ਼ਾਂ ਨੇ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਚਲਾਈਆਂ, ਜਿਸ ਨਾਲ ਮ੍ਰਿਤਕਾਂ ਦੇ ਸਰੀਰ ਗੋਲੀਆਂ ਨਾਲ ਛਲਣੀ ਹੋ ਗਏ। ਮੂਸੇਵਾਲਾ ਨੂੰ ਉਸ ਦੀ ਕਾਰ ਵਿੱਚ ਹੀ ਗੋਲੀਆਂ ਮਾਰੀਆਂ ਗਈਆਂ ਸਨ, ਜਦਕਿ ਸ਼ੌਕੀਨ ਨੂੰ ਕਾਰ ਦੇ ਬਾਹਰ ਖੜ੍ਹਾ ਕਰਕੇ ਮਾਰਿਆ ਗਿਆ। ਸ਼ੌਕੀਨ ‘ਤੇ 40 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ 12 ਉਸ ਦੇ ਸਰੀਰ ਨੂੰ ਵਿੰਨ੍ਹੀਆਂ, ਜਿਸ ਦੀ ਪੁਸ਼ਟੀ ਮੈਡੀਕਲ ਰਿਪੋਰਟ ਨੇ ਕੀਤੀ।
ਪੋਸਟਮਾਰਟਮ ਵਿੱਚ ਸ਼ੌਕੀਨ ਦੇ ਸਿਰ, ਗਰਦਨ, ਛਾਤੀ, ਪੇਟ, ਬਾਹਾਂ ਅਤੇ ਨੱਕੜ ਵਿੱਚ ਗੋਲੀਆਂ ਮਿਲੀਆਂ, ਅਤੇ .30 ਕੈਲੀਬਰ ਦੀਆਂ ਤਿੰਨ ਗੋਲੀਆਂ ਸਰੀਰ ਵਿੱਚੋਂ ਬਰਾਮਦ ਹੋਈਆਂ।ਪੁਲਿਸ ਸੂਤਰਾਂ ਅਨੁਸਾਰ, ਰੋਹਿਤ ਸ਼ੌਕੀਨ ਦੇ ਕਤਲ ਵਿੱਚ ਦੋ ਹਮਲਾਵਰ ਸ਼ਾਮਲ ਸਨ, ਜਿਨ੍ਹਾਂ ਨੇ ਆਧੁਨਿਕ .30 ਕੈਲੀਬਰ ਦੇਸੀ ਹਥਿਆਰਾਂ ਨਾਲ ਘੱਟੋ-ਘੱਟ ਚਾਰ ਮੈਗਜ਼ੀਨ ਖਾਲੀ ਕਰ ਦਿੱਤੇ। ਘਟਨਾ ਸਥਾਨ ਤੋਂ ਦਰਜਨਾਂ ਗੋਲੀਆਂ ਦੇ ਖੋਲ ਮਿਲੇ, ਅਤੇ ਸ਼ੌਕੀਨ ਦੀ ਲਾਸ਼ ਕਾਰ ਦੇ ਬਾਹਰ ਪਈ ਸੀ। ਕਾਰ ਵਿੱਚੋਂ ਇੱਕ ਬੈਗ ਵੀ ਬਰਾਮਦ ਹੋਇਆ।
ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਸਿਰਫ਼ ਨਿੱਜੀ ਰੰਜਿਸ਼ ਨਹੀਂ, ਸਗੋਂ ਗੈਂਗਸਟਰ ਲਾਬੀ ਦਾ ਗੁਰੂਗ੍ਰਾਮ ਵਿੱਚ ਦਬਦਬਾ ਕਾਇਮ ਕਰਨ ਅਤੇ ਡਰ ਪੈਦਾ ਕਰਨ ਦਾ ਇਰਾਦਾ ਵੀ ਸੀ, ਜਿਵੇਂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਗੈਂਗ ਦਾ ਮਕਸਦ ਸੀ।ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ੌਕੀਨ ਦਿੱਲੀ ਦਾ ਰਹਿਣ ਵਾਲਾ ਸੀ ਅਤੇ ਗੈਂਗਸਟਰ ਸੁਨੀਲ ਸਰਧਾਨੀਆ ਅਤੇ ਦੀਪਕ ਨੰਦਲ ਦਾ ਬਚਪਨ ਦਾ ਦੋਸਤ ਸੀ। ਉਹ ਸੰਗੀਤ ਉਦਯੋਗ ਵਿੱਚ ਸਰਗਰਮ ਸੀ ਅਤੇ ਇਨ੍ਹਾਂ ਗੈਂਗਸਟਰਾਂ ਰਾਹੀਂ ਗਾਇਕ ਰਾਹੁਲ ਫਾਜ਼ਿਲਪੁਰੀਆ ਨਾਲ ਜੁੜਿਆ।
ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਸ਼ੌਕੀਨ ਨੇ ਗੈਂਗਸਟਰਾਂ ਨੂੰ ਬਾਈਪਾਸ ਕਰਕੇ ਫਾਜ਼ਿਲਪੁਰੀਆ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ, ਜੋ ਗੈਂਗਸਟਰਾਂ ਨੂੰ ਪਸੰਦ ਨਹੀਂ ਸੀ। ਪੁਲਿਸ ਸੂਤਰਾਂ ਅਨੁਸਾਰ, ਸ਼ੌਕੀਨ ਨੇ ਗੈਂਗਸਟਰਾਂ ਵੱਲੋਂ ਫਾਜ਼ਿਲਪੁਰੀਆ ਦੇ ਐਲਬਮ ਵਿੱਚ ਲਗਾਏ ਪੈਸਿਆਂ ਦੀ ਗਰੰਟੀ ਲਈ ਸੀ। ਜਦੋਂ ਫਾਜ਼ਿਲਪੁਰੀਆ ਪੈਸੇ ਵਾਪਸ ਨਹੀਂ ਕਰ ਸਕਿਆ, ਤਾਂ ਸ਼ੌਕੀਨ ਨੇ ਵੀ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।
ਇਸ ਲੈਣ-ਦੇਣ ਦੀ ਦੁਸ਼ਮਣੀ ਕਾਰਨ ਸ਼ੌਕੀਨ ਨੂੰ ਫਾਜ਼ਿਲਪੁਰੀਆ ਦੇ ਘਰ ਨੇੜੇ ਬੁਲਾਇਆ ਗਿਆ ਅਤੇ ਸੁੰਨਸਾਨ ਜਗ੍ਹਾ ‘ਤੇ ਕਤਲ ਕਰ ਦਿੱਤਾ ਗਿਆ।ਸੁਨੀਲ ਸਰਧਾਨੀਆ ਨੇ ਸੋਸ਼ਲ ਮੀਡੀਆ ‘ਤੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਫਾਜ਼ਿਲਪੁਰੀਆ ਨੂੰ 5 ਕਰੋੜ ਰੁਪਏ ਦੀ ਮੰਗ ਅਤੇ ਧਮਕੀ ਦਿੱਤੀ। ਪੁਲਿਸ ਦਾ ਮੰਨਣਾ ਹੈ ਕਿ ਸ਼ੌਕੀਨ ਦਾ ਕਤਲ ਫਾਜ਼ਿਲਪੁਰੀਆ ਨੂੰ ਸਖ਼ਤ ਸੁਨੇਹਾ ਦੇਣ ਲਈ ਕੀਤਾ ਗਿਆ। ਜਾਂਚ ਵਿੱਚ ਹਿਮਾਂਸ਼ੂ ਭਾਊ ਗੈਂਗ ਦੇ ਸੰਬੰਧਾਂ ਦੀ ਵੀ ਪੜਤਾਲ ਜਾਰੀ ਹੈ।