ਬਿਉਰੋ ਰਿਪੋਰਟ – ਪਰਲ ਗਰੁੱਪ ਘੁਟਾਲੇ (PEARLS GROUP SCAM) ਦਾ ਪੈਸਾ ਵਾਪਸ ਕਰਨ ਨੂੰ ਲੈ ਕੇ ਪਟਿਆਲਾ ਤੋਂ ਕਾਂਗਰਸ ਦੇ ਐੱਮਪੀ ਧਰਮਵੀਰ ਗਾਂਧੀ (DHARAMVIR GANDHI) ਦੇ ਸਵਾਲ ’ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ (NIRMALA SITARAMAN) ਦਾ ਹੈਰਾਨ ਕਰਨ ਵਾਲਾ ਜਵਾਬ ਸਾਹਮਣੇ ਆਇਆ ਹੈ। ਗਾਂਧੀ ਨੇ ਕਿਹਾ ਜਦੋਂ ਜਸਟਿਸ ਲੋਢਾ ਕਮੇਟੀ ਦੀ ਸਿਫ਼ਾਰਿਸ਼ ’ਤੇ ਪਰਲ ਗਰੁੱਪ ਦੀਆਂ 50 ਹਜ਼ਾਰ ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ ਤਾਂ ਲੋਕਾਂ ਨੂੰ ਪੈਸਾ ਵਾਪਸ ਕਿਉਂ ਨਹੀਂ ਕੀਤਾ ਗਿਆ ਹੈ?
ਐੱਮਪੀ ਗਾਂਧੀ ਦੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਅਸੀਂ ਲੋਕਾਂ ਨੂੰ ਪੈਸਾ ਦੇਣ ਲਈ ਤਿਆਰ ਹਾਂ ਪਰ ਕੋਈ ਲੈਣ ਨਹੀਂ ਆ ਰਿਹਾ। ਵਿੱਤ ਮੰਤਰੀ ਨੇ ਕਿਹਾ ਪਰਲ ਐਗਰੋ ਤੋਂ 1017 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁਕੱਦਮੇਬਾਜ਼ੀ ਕਾਰਨ ਕਈ ਜਾਇਦਾਦਾਂ ਦੀ ਨਿਲਾਮੀ ਨਹੀਂ ਹੋ ਸਕੀ।
ਵਿੱਤ ਮੰਤਰੀ ਨੇ ਕਿਹਾ ਅਸੀਂ ਕਾਗਜ਼ਾਂ ਦੇ ਅਧਾਰ ’ਤੇ ਨਿਲਾਮੀ ਨਹੀਂ ਕਰ ਸਕਦੇ। ਪ੍ਰਾਪਰਟੀ ਦੀ ਨਿਲਾਮੀ ਕਰਕੇ ਜੋ ਵੀ ਦੇਣਾ ਹੈ ਅਸੀਂ ਨਿਲਾਮ ਕਰਕੇ ਜ਼ਰੂਰ ਦੇਵਾਂਗੇ। ਸਾਡੇ ਕੋਲ ਜੋ ਪੈਸਾ ਹੈ ਉਸ ਨੂੰ ਲੈਣ ਲਈ ਹੀ ਪਹਿਲਾਂ ਲੈਣ ਵਾਲੇ ਆ ਜਾਣ।
ਦਰਅਸਲ ਸਹਾਰਾ ਦੇ ਨਿਵੇਸ਼ਕਾਂ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕੇਂਦਰ ਸਰਕਾਰ ਲਗਾਤਾਰ ਸ਼ੱਕ ਦੇ ਘੇਰੇ ਵਿੱਚ ਹੈ। ਇਸ ਬਾਰੇ ਵਿੱਤ ਮੰਤਰੀ ਨੇ ਕਿਹਾ ਸਹਾਰਾ ਦਾ ਪੂਰਾ ਮਾਮਲਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੈ। ਸਹਾਰਾ ਦੀਆਂ ਤਿੰਨ ਕੰਪਨੀਆਂ ਵਿੱਚ 3.7 ਕਰੋੜ ਲੋਕਾਂ ਨੇ ਨਿਵੇਸ਼ ਕੀਤਾ ਸੀ।