Punjab

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ ਅੰਤਿਮ ਵਿਦਾਈ , ਨਮ ਅੱਖਾਂ ਨਾਲ ਹਜ਼ਾਰਾਂ ਲੋਕਾਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ…

Final Farewell to Martyr Colonel Manpreet Singh

ਚੰਡੀਗੜ੍ਹ : 13 ਸਤੰਬਰ ਨੂੰ ਅਨੰਤਨਾਗ ‘ਚ ਸ਼ਹੀਦ ਹੋਏ ਨਿਊ ਚੰਡੀਗੜ੍ਹ ਦੇ ਕਰਨਲ ਮਨਪ੍ਰੀਤ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਭੜੋਜੀਆ ‘ਚ ਨਮ ਅੱਖਾਂ ਨਾਲ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ । ਇੱਥੇ ਉਨ੍ਹਾਂ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਵਿਦਾਇਗੀ ਦਿੱਤੀ ਗਈ। ਸ਼ਹੀਦ ਨੇ ਅੰਤਿਮ ਦਰਸ਼ਨਾਂ ਵਾਸਤੇ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਆਲੇ-ਦੁਆਲੇ ਦੇ ਲਗਪਗ 20 ਤੋਂ 25 ਪਿੰਡਾਂ ਦੇ ਲੋਕ ਪੁੱਜੇ। ਸਥਾਨਕ ਪਾਰਟੀਆਂ ਦੇ ਵੱਖੋ-ਵੱਖਰੇ ਆਗੂ ਵੀ ਅੰਤਿਮ ਰਸਮਾਂ ‘ਚ ਸ਼ਾਮਲ ਹੋਏ।

7 ਸਾਲ ਦੇ ਬੇਟੇ ਕਬੀਰ ਨੇ ਆਪਣੇ ਸ਼ਹੀਦ ਪਿਤਾ ਦਾ ਅੰਤਿਮ ਸੰਸਕਾਰ ਕੀਤਾ। ਉਸ ਨੇ ਸਿਪਾਹੀ ਦੀ ਵਰਦੀ ਪਾਈ ਹੋਈ ਸੀ। ਇਸੇ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਸ਼ਹੀਦ ਕਰਨਲ ਮਨਪ੍ਰੀਤ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਹਨ। ਜਦੋਂ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਭਦੋਜੀਆਂ ਲਿਆਂਦਾ ਗਿਆ ਤਾਂ ਉਨ੍ਹਾਂ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਰਨਲ ਮਨਪ੍ਰੀਤ ਦੀ ਪਤਨੀ ਉਸ ਦੇ ਤਾਬੂਤ ‘ਤੇ ਸਿਰ ਰੱਖ ਕੇ ਰੋਂਦੀ ਰਹੀ। ਪਿੰਡ ਵਾਸੀਆਂ ਨੇ ਖੁਦ ਉਹ ਰਸਤਾ ਸਾਫ਼ ਕਰ ਦਿੱਤਾ ਜਿਸ ਰਾਹੀਂ ਕਰਨਲ ਦਾ ਆਖਰੀ ਸਫ਼ਰ ਪਿੰਡ ਪੁੱਜਣਾ ਸੀ। ਜਦੋਂ ਮ੍ਰਿਤਕ ਦੇਹ ਘਰ ਪਹੁੰਚੀ ਤਾਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ।

ਪਿੰਡ ਵਾਸੀ ਤਿਰੰਗੇ ਝੰਡੇ ਨਾਲ ਆਪਣੇ ਘਰਾਂ ਦੇ ਬਾਹਰ ਖੜ੍ਹੇ ਸਨ। ਸਾਰੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਾ ਰਹੇ ਸਨ। ਸ਼ਹੀਦ ਮਨਪ੍ਰੀਤ ਸਿੰਘ ਦੇ ਪੁੱਤਰ ਨੇ ਫੌਜ ਦੀ ਵਰਦੀ ਪਾ ਕੇ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦਿੱਤੀ। ਉਸ ਨੂੰ ਦੇਖ ਕੇ ਅੱਜ ਹਰ ਕਿਸੇ ਦੀਆਂ ਅੱਖਾਂ ਉਦਾਸ ਹਨ। ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨ ਵੀ ਸ਼ਹੀਦ ਮਨਪ੍ਰੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਪਹੁੰਚੇ। ਭੈਣਾਂ ਨੇ ਸ਼ਹੀਦ ਹੋਏ ਭਰਾ ਨੂੰ ਰੱਖੜੀ ਭੇਟ ਕਰ ਕੇ ਅੰਤਿਮ ਵਿਦਾਈ ਦਿੱਤੀ।

ਦੱਸ ਦਈਏ ਕਿ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਕਰਨਲ ਮਨਪ੍ਰੀਤ ਸਿੰਘ, ਵਾਸੀ ਪਿੰਡ ਭੜੋਜੀਆ, ਨਿਊ ਚੰਡੀਗੜ੍ਹ, ਸ਼ਹੀਦ ਹੋ ਗਏ ਸਨ।ਫ਼ੌਜ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਪੁਖ਼ਤਾ ਸੂਚਨਾ ਮਿਲਣ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਸੀ। ਇਸ ਆਪ੍ਰੇਸ਼ਨ ਦੀ ਨਿਗਰਾਨੀ ਕਰਨ ਲਈ ਕਮਾਂਡਿੰਗ ਅਫ਼ਸਰ ਕਰਨਲ ਮਨਪ੍ਰੀਤ ਸਿੰਘ ਖ਼ੁਦ ਮੌਕੇ ‘ਤੇ ਪਹੁੰਚੇ ਸਨ ਪਰ ਜਿਵੇਂ ਹੀ ਉਹ ਆਪਣੀ ਗੱਡੀ ਤੋਂ ਹੇਠਾਂ ਉੱਤਰੇ ਤਾਂ ਅੱਤਵਾਦੀਆਂ ਨੇ ਤੇਜ਼ੀ ਨਾਲ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ ਅਤੇ ਗੋਲ਼ੀਬਾਰੀ ਦੇ ਪਹਿਲੇ ਹੀ ਧਮਾਕੇ ‘ਚ ਉਨ੍ਹਾਂ ਨੂੰ ਗੋਲੀ ਲੱਗ ਗਈ। ਘਟਨਾ ਸਥਾਨ ‘ਤੇ ਸੰਘਣਾ ਜੰਗਲ ਹੋਣ ਕਾਰਨ ਉਨ੍ਹਾਂ ਨੂੰ ਤੁਰੰਤ ਬਾਹਰ ਨਹੀਂ ਕੱਢਿਆ ਜਾ ਸਕਿਆ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਖ਼ੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ ਸੀ।

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਨੂੰ 2 ਸਾਲ ਪਹਿਲਾਂ ਸੈਨਾ ਵੱਲੋਂ ਸੈਨਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ 19 ਰਾਸ਼ਟਰੀ ਰਾਈਫਲਜ਼ ‘ਚ ਲੈਫਟੀਨੈਂਟ ਕਰਨਲ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਹਨ। 2021 ਵਿਚ ਇਸੇ ਬਟਾਲੀਅਨ ਨੇ ਅੰਨ੍ਹੇਵਾਹ ਗੋਲੀਬਾਰੀ ਕਰਨ ਵਾਲੇ ਅੱਤਵਾਦੀਆਂ ਦਾ ਸਾਹਮਣਾ ਕੀਤਾ ਸੀ ਅਤੇ ਉਸ ਸਮੇਂ ਦੇ ਲੈਫਟੀਨੈਂਟ ਕਰਨਲ ਮਨਪ੍ਰੀਤ ਸਿੰਘ ਨੇ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਹ ਉਹੀ ਬਟਾਲੀਅਨ ਹੈ ਜਿਸ ਨੇ 2016 ‘ਚ ਅੱਤਵਾਦੀ ਬੁਰਹਾਨ ਵਾਨੀ ਨੂੰ ਮਾਰ ਦਿੱਤਾ ਸੀ।