India Lok Sabha Election 2024

‘ਬੀਜੇਪੀ 400 ਪਾਰ ਛੱਡੋ 272 ਵੀ ਮੁਸ਼ਕਲ!’ ਯੋਗੇਂਦਰ ਯਾਦਵ ਨੇ ਦੱਸਿਆ ਕਿਸ-ਕਿਸ ਸੂਬੇ ਤੋਂ ਬੀਜੇਪੀ ਨੂੰ ਵੱਡਾ ਨੁਕਸਾਨ!

ਬਿਉਰੋ ਰਿਪੋਰਟ – 4 ਜੂਨ ਨੂੰ ਲੋਕਸਭਾ ਨਤੀਜਿਆਂ ਤੋਂ ਪਹਿਲਾਂ ਹੀ NDA ਅਤੇ ਇੰਡੀਆਂ ਗਠਜੋੜ ਵਿੱਚ ਜਿੱਤ ਅਤੇ ਹਾਰ ਦੇ ਦਾਅਵੇ ਕੀਤਾ ਜਾ ਰਹੇ ਹਨ। ਇਨ੍ਹਾਂ ਦਾਅਵਿਆਂ ਵਿੱਚ ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਨ ਵਾਲੇ 2 ਸਭ ਤੋਂ ਵੱਡੇ ਭਰੋਸੇਮੰਦ ਚਿਹਰਿਆਂ ਨੇ ਆਪੋ-ਆਪਣੀਆਂ ਭਵਿੱਖਬਾਣੀਆਂ ਕੀਤੀਆਂ ਹਨ। ਜੋ ਬੀਜੇਪੀ ਦੇ ਲਈ ਵੱਡੀ ਖੁਸ਼ੀ ਅਤੇ ਇੰਡੀਆ ਗਠਜੋੜ ਦੇ ਲਈ ਨਮੋਸ਼ੀ ਭਰੀ ਹੈ।

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇਸੇ ਹਫ਼ਤੇ ਦਾਅਵਾ ਕੀਤਾ ਸੀ ਕਿ ਬੀਜੇਪੀ 400 ਪਾਰ ਨਹੀਂ ਕਰੇਗੀ ਪਰ ਪਿਛਲੀ ਵਾਰ ਵਾਂਗ 300 ਦੇ ਕਰੀਬ ਸੀਟਾਂ ਹਾਸਲ ਕਰ ਲਏਗੀ, ਜਦਕਿ NDA ਗਠਜੋੜ 325 ਤੱਕ ਪਹੁੰਚ ਜਾਵੇਗਾ। ਪਰ ਪ੍ਰਸ਼ਾਂਤ ਕਿਸ਼ੋਰ ਦੇ ਇਸ ਦਾਅਵੇ ’ਤੇ ਇੰਡੀਆ ਗਠਜੋੜ ਨੇ ਕਈ ਸਵਾਲ ਖੜੇ ਕੀਤੇ ਸਨ। ਪਰ ਹੁਣ ਰਾਹੁਲ ਗਾਂਧੀ ਦੇ ਸਭ ਤੋਂ ਕਰੀਬੀ ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਨ ਲਈ ਮਸ਼ਹੂਰ ਯੋਗੇਂਦਰ ਯਾਦਵ ਨੇ ਵੀ ਇਸ ’ਤੇ ਮੋਹਰ ਲਾ ਦਿੱਤੀ ਹੈ। ਯੋਗੇਂਦਰ ਯਾਦਵ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।

ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਲਿਖਿਆ ਕਿ ਦੇਸ਼ ਦੀ ਚੋਣਾਂ ਅਤੇ ਸਮਾਜਿਕ ਅਤੇ ਸਿਆਸੀ ਵਿਸ਼ਿਆਂ ਦੀ ਸਮਝ ਰੱਖਣ ਵਾਲਾ ਸਭ ਤੋਂ ਭਰੋਸੇਮੰਦ ਚਿਹਰਾ ਯੋਗੇਂਦਰ ਯਾਦਵ ਜੀ ਨੇ ਵੀ 2024 ਲੋਕਸਭਾ ਚੋਣਾਂ ਦਾ ਆਪਣਾ ਫਾਈਨਲ ਅੰਕੜਾ ਸਾਂਝਾ ਕੀਤਾ ਹੈ। ਯੋਗੇਂਦਰ ਯਾਦਵ ਜੀ ਮੁਤਾਬਿਕ ਬੀਜੇਪੀ ਨੂੰ 240-260 ਅਤੇ NDA ਦੀਆਂ ਸਾਥੀ ਪਾਰਟੀਆਂ ਨੂੰ 35-45 ਸੀਟਾਂ ਮਿਲ ਸਕਦੀਆਂ ਹਨ। ਮਤਲਬ BJP/NDA ਨੂੰ 275-305 ਸੀਟਾਂ ਮਿਲ ਸਕਦੀਆਂ ਹਨ। ਦੇਸ਼ ਵਿੱਚ ਸਰਕਾਰ ਬਣਾਉਣ ਦੇ ਲਈ 272 ਸੀਟਾਂ ਚਾਹੀਦੀਆਂ ਅਤੇ ਮੌਜੂਦਾ Lok Sabha ਵਿੱਚ BJP/NDA ਨੂੰ 303/323 ਸੀਟਾਂ ਹਨ। ਹਾਲਾਂਕਿ ਸ਼ਿਵ ਸੈਨਾ ਨੇ ਐਨਡੀਏ ਦੇ ਹਿੱਸੇ ਵਜੋਂ 18 ਸੀਟਾਂ ਜਿੱਤੀਆਂ ਪਰ ਹੁਣ ਉਨ੍ਹਾਂ ਦੇ ਨਾਲ ਨਹੀਂ ਹੈ। ਹੁਣ ਆਪ ਅੰਦਾਜ਼ਾ ਲਾ ਲਓ ਕਿ ਕਿਸ ਦੀ ਸਰਕਾਰ ਬਣਨ ਵਾਲੀ ਹੈ। ਬਾਕੀ 4 ਜੂਨ ਨੂੰ ਪਤਾ ਚੱਲ ਜਾਵੇਗਾ, ਕੌਣ ਕਿਸ ਦੀ ਗੱਲ ਕਰ ਰਿਹਾ ਹੈ।

ਉੱਧਰ ਯੋਗੇਂਦਰ ਯਾਦਵ ਨੇ ਵੀਡੀਓ ਦੇ ਜ਼ਰੀਏ ਚੋਣ ਨਤੀਜਿਆਂ ਦੀ ਭਵਿੱਖਬਾਣੀ ਕਰਦੇ ਹੋਏ ਕਿਹਾ 400 ਕਿ ਬੀਜੇਪੀ 303 ਛੱਡੋ ਆਪਣੇ ਦਮ ’ਤੇ 272 ਪਾਰ ਨਹੀਂ ਕਰ ਸਕੇਗੀ। ਜੇਕਰ ਹਵਾ ਹੋਰ ਤੇਜ਼ ਚੱਲੀ ਤਾਂ ਹੋ ਸਕਦਾ ਹੈ ਕਿ NDA ਬਹੁਮਤ ਪਾਰ ਨਾ ਕਰ ਸਕੇ। ਚੋਣ ਰੁਝਾਨਾਂ ਨੂੰ ਸੱਚ ਦੱਸਣ ਵਾਲੇ ਮੇਰੇ ਪਿਛਲੇ ਵੀਡੀਓ ਨੂੰ ਕਰੋੜ ਤੋਂ ਵੱਧ ਲੋਕਾਂ ਨੇ ਵੇਖਿਆ। ਸਹਿਮਤੀ ਅਤੇ ਅਸਹਿਮਤੀ, ਨਿੰਦਾ ਅਤੇ ਸਵਾਲ ਸਭ ਦੇ ਲਈ ਧੰਨਵਾਦ। ਮੀਡੀਆ ਤੇ ਗੁੰਮਰਾਹ ਹੋਣ ਤੋਂ ਬਚਣ ਲਈ ਇਸ ਵੀਡੀਓ ਨੂੰ ਵੇਖ ਲਿਉ।

ਯੋਗੇਂਦਰ ਯਾਦਵ ਦੀ ਭਵਿੱਖਬਾਣੀ ਮੁਤਾਬਿਕ ਕਾਂਗਰਸ ਨੂੰ ਇਕੱਲੇ 85 ਤੋਂ 100 ਸੀਟਾਂ ਮਿਲ ਰਹੀਆਂ ਹਨ ਜਦਕਿ ਇੰਡੀਆ ਗਠਜੋੜ ਦੇ ਹਿੱਸੇ 120 ਤੋਂ 135 ਸੀਟਾਂ ਆਉਣਗੀਆਂ। ਹਾਲਾਂਕਿ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਜੇਕਰ ਅਖ਼ੀਰਲੇ 2 ਗੇੜ ਵਿੱਚ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਕੋਈ ਵੱਡਾ ਬਦਲਾਅ ਆਉਂਦਾ ਹੈ ਤਾਂ ਇੰਡੀਆ ਗਠਜੋੜ 200 ਪਾਰ ਕਰ ਜਾਵੇਗਾ।

ਯੋਗੇਂਦਰ ਯਾਦਵ ਨੇ ਦਾਅਵਾ ਕੀਤਾ ਹੈ ਕਿ ਕੇਰਲ ਦੇ ਕੋਸਟਲ ਏਰੀਆ ਵਿੱਚ ਬੀਜੇਪੀ ਦੇ ਵੋਟ ਵੱਧ ਸਕਦੇ ਹਨ। ਥੋੜੀਆਂ ਸੀਟਾਂ ਦਾ ਵੀ ਫਾਇਦਾ ਹੋਵੇਗਾ। ਉਨ੍ਹਾਂ ਨੇ ਕਿਹਾ ਕੇਰਲਾ, ਤਮਿਲਨਾਡੂ ਅਤੇ ਪੌਂਡੀਚਰੀ ਵਿੱਚ ਬੀਜੇਪੀ ਦੀ 2 ਸੀਟਾਂ ਵੱਧ ਸਕਦੀਆਂ ਹਨ ਜਦਕਿ ਗਠਜੋੜ ਦੀਆਂ ਵੀ 2 ਸੀਟਾਂ ਵਧਣਗੀਆਂ। ਆਂਧਰਾ ਵਿੱਚ ਬੀਜੇਪੀ TDP ਨਾਲ ਮਿਲ ਕੇ ਚੋਣ ਲੜ ਰਹੀ ਹੈ ਪਾਰਟੀ ਦੀਆਂ 3 ਸੀਟਾਂ ਵਧਣਗੀਆਂ ਜਦਕਿ ਗਠਜੋੜ ਵਿੱਚ ਸ਼ਾਮਲ TDP ਨੂੰ 13 ਸੀਟਾਂ ਹਾਸਲ ਹੋ ਸਕਦੀਆਂ ਹਨ। ਤੇਲੰਗਾਨਾ ਵਿੱਚ ਬੀਜੇਪੀ ਨੂੰ 4 ਸੀਟਾਂ ਦਾ ਫਾਇਦਾ ਹੋ ਸਕਦਾ ਹੈ। ਉਡੀਸ਼ਾ ਵਿੱਚ ਵੀ ਬੀਜੇਪੀ ਦੀਆਂ 4 ਸੀਟਾਂ ਵਧਣਗੀਆਂ। ਕੁੱਲ ਮਿਲਾ ਕੇ ਦੱਖਣੀ ਭਾਰਤ ਤੋਂ ਬੀਜੇਪੀ ਨੂੰ 13 ਅਤੇ ਗਠਜੋੜ ਨੂ 14 ਸੀਟਾਂ ਦਾ ਫਾਇਦਾ ਹੋਵੇਗਾ।

ਯੋਗੇਂਦਰ ਯਾਦਵ ਨੇ ਦਾਅਵਾ ਕੀਤਾ ਹੈ ਕਿ ਕਰਨਾਟਕਾ ਵਿੱਚ ਬੀਜੇਪੀ ਨੂੰ 13 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ ਪਿਛਲੀ ਵਾਰ 25 ਸੀਟਾਂ ਸਨ। ਜਿਹੜਾ ਦੱਖਣ ਵਿੱਚ 13 ਸੀਟਾਂ ਦਾ ਫਾਇਦਾ ਹੋਇਆ ਸੀ ਉਹ ਕਰਨਾਟਕਾ ਨੇ ਹਿਸਾਬ ਪੂਰਾ ਕਰ ਦਿੱਤਾ ਹੈ। ਪੱਛਮੀ ਬੰਗਾਲ ਵਿੱਚ ਬੀਜੇਪੀ ਪਿਛਲੀ ਵਾਰ ਵਾਂਗ 18 ਸੀਟਾਂ ਹੀ ਹਾਸਲ ਕਰੇਗੀ। ਉੱਤਰ ਪੂਰਬ ਵਿੱਚ ਬੀਜੇਪੀ ਪਿਛਲੀ ਵਾਰ ਵਾਂਗ ਚੰਗਾ ਪ੍ਰਦਸ਼ਨ ਕਰੇਗੀ। ਜੇਕਰ ਦੱਖਣੀ ਅਤੇ ਉੱਤਰ ਪੂਰਬੀ ਦੇ ਸੂਬਿਆਂ ਨੂੰ ਮਿਲਾ ਲਈਏ ਤਾਂ ਬੀਜੇਪੀ ਨੂੰ ਨਾ ਕੋਈ ਫਾਇਦਾ ਹੈ ਨਾ ਕੋਈ ਨੁਕਸਾਨ। ਜਦਕਿ ਗਠਜੋੜ ਨੂੰ 15 ਸੀਟਾਂ ਦਾ ਫਾਇਦਾ ਹੈ।

ਯੋਗੇਂਦਰ ਯਾਦਵ ਮੁਤਾਬਿਕ ਮਹਾਰਾਸ਼ਟਰ ਵਿੱਚ ਬੀਜੇਪੀ ਨੂੰ 5 ਸੀਟਾਂ ਦਾ ਨੁਕਸਾਨ ਹੋ ਰਿਹਾ ਹੈ, ਜਦਕਿ ਗਠਜੋੜ ਨੂੰ 15 ਸੀਟਾਂ ਦਾ ਨੁਕਸਾਨ ਹੋਵੇਗਾ। ਇਸ ਤੋਂ ਇਲਾਵਾ ਗੁਜਰਾਤ ਅਤੇ ਰਾਜਸਥਾਨ ਵਿੱਚ ਵੀ ਬੀਜੇਪੀ ਨੂੰ 10 ਸੀਟਾਂ ਦੇ ਨੁਕਸਾਨ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਝਾਰਖੰਡ ਵਿੱਚ 10 ਸੀਟਾਂ ਦਾ ਨੁਕਸਾਨ ਹੈ।

ਇਸ ਤੋਂ ਇਲਾਵਾ ਯਾਦਵ ਨੇ ਕਿਹਾ ਹਰਿਆਣਾ ਅਤੇ ਦਿੱਲੀ ਵਿੱਚ ਵੀ ਬੀਜੇਪੀ ਨੂੰ 10 ਸੀਟਾਂ ਦਾ ਨੁਕਸਾਨ ਹੈ, ਜਦਕਿ ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ, ਚੰਡੀਗੜ੍ਹ ਵਿੱਚ 5 ਸੀਟਾਂ ਦਾ ਨੁਕਸਾਨ ਹੈ। ਯੋਗੇਂਦਰ ਯਾਦਵ ਨੇ ਭਵਿੱਖਬਾਣੀ ਕੀਤੀ ਹੈ ਕਿ ਉੱਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਕੁੱਲ 10 ਸੀਟਾਂ ਦਾ ਨੁਕਸਾਨ ਬੀਜੇਪੀ ਨੂੰ ਹੋਵੇਗੀ। ਬਿਹਾਰ ਵਿੱਚ ਬੀਜੇਪੀ ਨੂੰ 5 ਅਤੇ ਗਠਜੋੜ ਨੂੰ 10 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।