India Manoranjan Punjab

ਫਿਲਮ ‘ਐਮਰਜੈਂਸੀ’ ਦਾ ਪੰਜਾਬ ‘ਚ ਬੈਨ ਦਾ ਅਸਰ ! ਸਿੱਖ ਜਥੇਬੰਦੀਆਂ ਨੇ ਸਿਨੇਮਾ ਹਾਲ ਦੇ ਸਾਹਮਣੇ ਡੇਰਾ ਲਾਇਆ

ਬਿਉਰੋ ਰਿਪੋਰਟ – ਕੰਗਨਾ ਰਣੌਤ (KANGNA RANAUT) ਦੀ ਵਿਵਾਦਿਤ ਫਿਲਮ ‘ਐਮਰਜੈਂਸੀ’ (FILM EMERGENCY) ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਰਿਲੀਜ਼ ਹੋ ਗਈ ਹੈ । SGPC ਅਤੇ ਸਿੱਖ ਜਥੇਬੰਦੀਆਂ ਨੇ ਫਿਲਮ ‘ਐਮਰਜੈਂਸੀ’ ਨੂੰ ਪੰਜਾਬ ਵਿੱਚ ਨਾ ਰਿਲੀਜ਼ ਕਰਨ ਦੀ ਜਿਹੜੀ ਚਿਤਾਵਨੀ ਦਿੱਤੀ ਸੀ ਉਸ ਦਾ ਅਸਰ ਤਕਰੀਬਨ ਪੰਜਾਬ ਦੇ ਹਰ ਸ਼ਹਿਰ ਵਿੱਚ ਨਜ਼ਰ ਆ ਰਿਹਾ ਹੈ । ਸਿੱਖ ਜਥੇਬੰਦੀਆਂ ਸਵੇਰ ਤੋਂ ਹੀ ਫਿਲਮ ਹਾਲ ਅਤੇ ਮਲਟੀਪਲੈਕਸ ਦੇ ਸਾਹਮਣੇ ਪਹੁੰਚ ਗਈਆਂ ਨੇ ਕਈ ਫਿਲਮ ਹਾਲ ਨੇ ਬੀਤੇ ਦਿਨ ਹੀ ਫਿਲਮ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਜਿੰਨਾਂ ਨੇ ਨਹੀਂ ਕੀਤਾ ਸੀ ਉਨ੍ਹਾਂ ਨੇ ਹੁਣ ਸ਼ੁੱਕਰਵਾਰ ਨੂੰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਸ਼ੋਅ ਕੈਂਸਲ ਕਰ ਦਿੱਤੇ ਹਨ ।

ਪਟਿਆਲਾ,ਲੁਧਿਆਣਾ,ਜਲੰਧਰ,ਅੰਮ੍ਰਿਤਸਰ,ਮਾਨਸਾ,ਬਠਿੰਡਾ ਸਮੇਤ ਸਾਰੇ ਸ਼ਹਿਰਾਂ ਤੋਂ ਫਿਲਮ ਰਿਲੀਜ਼ ਨਾ ਹੋਣ ਦੀ ਖ਼ਬਰਾਂ ਆ ਰਹੀਆਂ ਹਨ । ਹਾਲਾਂਕਿ ਚੰਡੀਗੜ੍ਹ ਵਿੱਚ ਫਿਲਮ ਐਮਰਜੈਂਸੀ ਰਿਲੀਜ਼ ਹੋ ਰਹੀ ਹੈ ।

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪੰਜਾਬ ਵਿੱਚ ਫਿਲਮ ਨਾ ਰਿਲੀਜ਼ ਕਰਨ ਦੀ ਮੰਗ ਕੀਤੀ ਸੀ । ਪੱਤਰ ਵਿੱਚ ਕਿਹਾ ਗਿਆ ਸੀ ਕਿ ਜੇਕਰ ਫਿਲਮ ਰਿਲੀਜ਼ ਹੋਈ ਤਾਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਭੜਕਨਗੀਆਂ । ਪਿਛਲੇ ਸਾਲ ਜਦੋਂ ਫਿਲਮ ਦਾ ਟ੍ਰੇਲਰ ਆਇਆ ਸੀ ਤਾਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪੰਜਾਬ ਹਰਿਆਣਾ ਹਾਈਕੋਰਟ ਦਾ ਰੁੱਖ ਕੀਤਾ ਸੀ । SGPC ਦੇ ਇਤਰਾਜ਼ ਤੋਂ ਬਾਅਦ ਫਿਲਮ ਦੀ ਰਿਲੀਜ਼ ਨਹੀਂ ਹੋਣ ਦਿੱਤੀ ਗਈ ਸੀ ।

ਸੈਨਸਰ ਬੋਰਡ ਦੇ ਵੱਲੋਂ ਲਗਾਏ ਗਏ ਕੱਟਾਂ ਤੋਂ ਬਾਅਦ ਫਿਲਮ ਰਿਲੀਜ਼ ਨੂੰ ਮਨਜ਼ੂਰੀ ਦਿੱਤੀ ਗਈ ਸੀ । ਸਿੱਖ ਜਥੇਬੰਦੀਆਂ ਦਾ ਇਲਜ਼ਾਮ ਸੀ ਕਿ ਫਿਲਮ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਅਕਸ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ।