Punjab

ਫਿਲਮ Animal ਦੇ ‘ਅਰਜਨ ਵੈਲੀ’ਗਾਣੇ ‘ਤੇ ਪੰਜਾਬੀ ਗਾਇਕ ਨੇ ਚੁੱਕੇ ਸਵਾਲ ! ਕੰਪਨੀ ਨੂੰ ਭੇਜਿਆ ਲੀਗਲ ਨੋਟਿਸ

ਬਿਉਰੋ ਰਿਪੋਰਟ : ਸਾਢੇ 600 ਕਰੋੜ ਕਮਾ ਚੁੱਕੀ ਫਿਲਮ ਐਨੀਮਲ ਦੇ ਮਕਬੂਲ ਹੋ ਚੁੱਕੇ ਗਾਣੇ ‘ਅਰਜੁਨ ਵੈਲੀ’ ਗਾਣੇ ਨੂੰ ਲੈਕੇ ਵੱਡਾ ਵਿਵਾਦ ਹੋ ਗਿਆ ਹੈ । ਪੰਜਾਬੀ ਗਾਇਕ ਗੁਰਮੀਤ ਮੀਤ ਨੇ ਫਿਲਮ ਦੇ ਗੀਤ ਗਾਉਣ ਵਾਲੇ ਭੁਪਿੰਦਰ ਸਿੰਘ ਬੱਬਲ ਅਤੇ ਫਿਲਮ ਕਾਸਟ ਨੂੰ ਨੋਟਿਸ ਭੇਜਿਆ ਹੈ। ਗੁਰਮੀਤ ਨੇ ਮੰਗ ਕੀਤੀ ਹੈ ਇਸ ਗੀਤ ਨੂੰ ਲਿਖਣ ਵਾਲੇ ਦੇਵ ਥਰਿਕੇ ਦਾ ਨਾਂ ਵੀ ਜੋੜਿਆ ਜਾਏ।

ਗੁਰਮੀਤ ਮੀਤ ਨੇ ਦੱਸਿਆ ਕਿ ਇਹ ਗੀਤ ਮਸ਼ਹੂਰ ਰਾਇਟਰ ਦੇਵ ਥਰਿਕੇ ਨੇ ਲਿਖਿਆ ਹੈ । ਉਨ੍ਹਾਂ ਦੇ ਕਈ ਗੀਤ ਉਹ ਗਾ ਚੁੱਕੇ ਹਨ । ਇਹ ਗੀਤ 2015 ਵਿੱਚ ਪੇਪੰਜ ਐਂਟਰਟੇਨਮੈਂਟ ਬੈਨਰ ਹੇਠਾਂ ਬਣਿਆ ਸੀ । ਪਰ ਇਸ ਗੀਤ ਨੂੰ ਇੰਟਰਨੈੱਟ ਤੋਂ ਚੋਰੀ ਕਰਕੇ ਭੁਪਿੰਦਰ ਸਿੰਘ ਬੱਬਲ ਨੇ ਗਾਇਆ ਅਤੇ ਫਿਲਮ ਦੇ ਨਾਲ ਜੋੜਿਆ ਹੈ। ਜੇਕਰ ਇਸ ਨੂੰ ਰੋਕਿਆ ਨਹੀਂ ਗਿਆ ਤਾਂ ਪੰਜਾਬੀ ਸਭਿਆਚਾਰ ਨਾਲ ਜੁੜੇ ਗੀਤਾਂ ਨੂੰ ਕੋਈ ਵੀ ਵਰਤੋਂ ਲਿਆਏਗਾ।

ਨੋਟਿਸ ਦੇ ਜਵਾਬ ਦਾ ਇੰਤਜ਼ਾਰ

ਗਾਇਕ ਗੁਰਮੀਤ ਮੀਤ ਨੇ ਦੱਸਿਆ ਕਿ ਐਂਟਰਟੇਨਰਸ ਅਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ T-SERIES ਅਤੇ ਫਿਲਮ ਦੀ ਕਾਸਟ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ । ਹੁਣ ਤੱਕ ਨੋਟਿਸ ਦਾ ਜਵਾਬ ਨਹੀਂ ਮਿਲਿਆ ਹੈ । ਇਸ ਦੇ ਬਾਅਦ ਟੀਮ ਅੱਗੇ ਲੀਗਲ ਕਾਰਵਾਈ ਕਰੇਗੀ । ਇਸ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਨੇ ਵੀ ‘Animal’ ਫਿਲਮ ਨੂੰ ਲੈਕੇ ਕਈ ਇਤਰਾਜ਼ ਜਤਾਏ ਹਨ ।

ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬਾਲੀਵੁੱਡ ਫ਼ਿਲਮ ਐਨੀਮਲ ਦੇ ਸੀਨ ‘ਤੇ ਇਤਰਾਜ਼ ਜਤਾਇਆ ਹੈ। ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਮੁਖੀ ਪਰਮਿੰਦਰ ਸਿੰਘ ਢੀਂਗਰਾ ਨੇ ਦੱਸਿਆ ਕਿ ਫ਼ਿਲਮ ਦੇ ਅੰਤ ਵਿੱਚ ਇੱਕ ਸੀਨ ਵਿੱਚ ਅਦਾਕਾਰ ਰਣਬੀਰ ਕਪੂਰ ਇੱਕ ਗੁਰਸਿੱਖ ਉੱਤੇ ਸਿਗਰਟ ਦਾ ਧੂੰਆਂ ਫ਼ੂਕ ਰਿਹਾ ਹੈ। ਇਕ ਹੋਰ ਸੀਨ ਵਿਚ ਉਹ ਗੁਰਸਿੱਖ ਦੀ ਦਾੜ੍ਹੀ ‘ਤੇ ਚਾਕੂ ਰੱਖ ਰਿਹਾ ਹੈ। ਯੂਥ ਫੈਡਰੇਸ਼ਨ ਨੇ ਇਸ ਸਬੰਧੀ ਸੈਂਸਰ ਬੋਰਡ ਆਫ਼ ਫ਼ਿਲਮ ਸਰਟੀਫਿਕੇਸ਼ਨ ਨੂੰ ਪੱਤਰ ਲਿਖਿਆ ਹੈ। ਜਿਸ ‘ਚ ਫ਼ਿਲਮ ‘ਚੋਂ ਦੋਵੇਂ ਵਿਵਾਦਤ ਦ੍ਰਿਸ਼ ਹਟਾਉਣ ਦੀ ਮੰਗ ਕੀਤੀ ਗਈ ਹੈ।

ਫੈਡਰੇਸ਼ਨ ਨੇ ਫ਼ਿਲਮ ਐਨੀਮਲ ਦੇ ਮਸ਼ਹੂਰ ਗੀਤ ਅਰਜਨ ਵੈਲੀ ‘ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਫ਼ਿਲਮ ਵਿੱਚ ਅਰਜਨ ਵੈਲੀ ਨੂੰ ਗੁੰਡਾ ਅਤੇ ਗੈਂਗ ਵਾਰ ਲਈ ਵਰਤਿਆ ਗਿਆ ਹੈ, ਭਾਵੇਂ ਉਹ ਇੱਕ ਲੜਾਕੂ ਸੀ। ਫ਼ਿਲਮ ‘ਚ ਕਬੀਰ ਦੇ ਨਾਂ ‘ਤੇ ਵੀ ਇਤਰਾਜ਼ ਉਠਾਏ ਗਏ ਹਨ। ਫੈਡਰੇਸ਼ਨ ਨੇ ਸੈਂਸਰ ਬੋਰਡ ਨੂੰ ਇਨ੍ਹਾਂ ਸਾਰੇ ਦ੍ਰਿਸ਼ਾਂ ‘ਤੇ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਲੋਕਾਂ ‘ਤੇ ਇਸ ਦਾ ਬੁਰਾ ਪ੍ਰਭਾਵ ਨਾ ਪਵੇ।