ਬਿਊਰੋ ਰਿਪੋਰਟ (ਚੰਡੀਗੜ੍ਹ, 26 ਨਵੰਬਰ 2025): ਸੰਯੁਕਤ ਕਿਸਾਨ ਮੋਰਚਾ (SKM) ਦੇ ਸੱਦੇ ’ਤੇ ਅੱਜ (ਬੁੱਧਵਾਰ) ਨੂੰ ਚੰਡੀਗੜ੍ਹ ਵਿੱਚ ਲਗਭਗ 10 ਹਜ਼ਾਰ ਕਿਸਾਨ ਪਹੁੰਚਣਗੇ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਸੈਕਟਰ-43 ਦੇ ਦੁਸਹਿਰਾ ਗਰਾਊਂਡ ਵਿੱਚ 3 ਘੰਟੇ ਦੀ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸਦੇ ਮੱਦੇਨਜ਼ਰ, ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਪੁਲਿਸ ਨੇ 3 ਹਜ਼ਾਰ ਪੁਲਿਸ ਕਰਮੀਆਂ ਦੀ ਤਾਇਨਾਤੀ ਕੀਤੀ ਹੈ।
ਇਹ ਪਹਿਲੀ ਵਾਰ ਹੈ ਜਦੋਂ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਹੈ। ਕਿਸਾਨਾਂ ਨੇ ਰੈਲੀ ਵਾਲੀ ਥਾਂ ’ਤੇ ਪਹੁੰਚ ਕੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਸੈਕਟਰ 43 ਵਿੱਚ ਜਿੱਥੇ ਰੈਲੀ ਹੋਣੀ ਹੈ, ਉਹ ਖੇਤਰ ਮੁਹਾਲੀ ਨਾਲ ਲੱਗਦਾ ਹੈ, ਇਸ ਲਈ ਕਿਸਾਨ ਚੰਡੀਗੜ੍ਹ ਦੇ ਜ਼ਿਆਦਾ ਅੰਦਰ ਤੱਕ ਨਹੀਂ ਆ ਸਕਣਗੇ।
ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਹੋਏ ਅੰਦੋਲਨ ਨੂੰ 5 ਸਾਲ ਪੂਰੇ ਹੋ ਚੁੱਕੇ ਹਨ, ਪਰ ਸਰਕਾਰ ਨੇ ਅਜੇ ਵੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਹਨ। ਇਸੇ ਲਈ ਚੰਡੀਗੜ੍ਹ ਵਿੱਚ ਰੈਲੀ ਰੱਖੀ ਗਈ ਹੈ। ਇੱਥੇ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਵੀ ਮਨਾਈ ਜਾਵੇਗੀ, ਜਿਸ ਵਿੱਚ 30 ਕਿਸਾਨ ਜਥੇਬੰਦੀਆਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਰੈਲੀ ਦੀਆਂ ਤਿਆਰੀਆਂ
ਸੰਯੁਕਤ ਕਿਸਾਨ ਮੋਰਚਾ ਵੱਲੋਂ ਕੀਤੀ ਜਾ ਰਹੀ ਰੈਲੀ ਦੀ ਤਿਆਰੀ ਵੇਖਣ ਲਈ ਕਿਸਾਨ ਆਗੂ ਦੇਰ ਰਾਤ ਹੀ ਰੈਲੀ ਵਾਲੀ ਥਾਂ ’ਤੇ ਪਹੁੰਚ ਗਏ ਸਨ। ਦੁਸਹਿਰਾ ਗਰਾਊਂਡ ਵਿੱਚ ਖੁੱਲ੍ਹੇ ਵਿੱਚ ਹੀ ਸਟੇਜ ਲਗਾਈ ਗਈ ਹੈ ਅਤੇ ਕਿਸਾਨਾਂ ਦੇ ਬੈਠਣ ਲਈ ਵੀ ਪ੍ਰਬੰਧ ਕੀਤੇ ਗਏ ਹਨ। ਕਿਸਾਨ ਆਗੂਆਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਰੈਲੀ ਵਿੱਚ ਪਹੁੰਚਣ ਲਈ ਕਿਸਾਨਾਂ ਨੂੰ ਸੱਦਾ ਦਿੱਤਾ ਹੈ।

