International

ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਭਿਆਨਕ ਜੰਗ: ਲੱਖਾਂ ਲੋਕ ਬੇਘਰ, ਹਸਪਤਾਲ-ਸਕੂਲ ਵੀ ਨਿਸ਼ਾਨੇ ’ਤੇ

ਥਾਈਲੈਂਡ ਤੇ ਕੰਬੋਡੀਆ ਵਿਚਕਾਰ ਸਰਹੱਦੀ ਝੜਪ ਹੁਣ ਪੂਰੀ ਖੂਨੀ ਜੰਗ ਦਾ ਰੂਪ ਲੈ ਚੁੱਕੀ ਹੈ। ਲਗਾਤਾਰ ਚੌਥੇ ਦਿਨ ਵੀ ਦੋਵਾਂ ਪਾਸਿਆਂ ਤੋਂ ਤੀਬਰ ਗੋਲਾਬਾਰੀ ਜਾਰੀ ਹੈ। ਥਾਈਲੈਂਡ ਦੀ ਹਵਾਈ ਸੈਨਾ ਨੇ ਐਫ-16 ਲੜਾਕੂ ਜਹਾਜ਼ਾਂ ਨਾਲ ਕੰਬੋਡੀਆਈ ਇਲਾਕਿਆਂ ’ਤੇ ਬੰਬਾਰੀ ਕੀਤੀ, ਜਿਸ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਵਾਲਾ ਪ੍ਰੇਹ ਵਿਹਾਰ ਮੰਦਿਰ ਤੇ ਇੱਕ ਪ੍ਰਾਇਮਰੀ ਸਕੂਲ ਵੀ ਨਿਸ਼ਾਨਾ ਬਣੇ।

ਜਵਾਬ ਵਿੱਚ ਕੰਬੋਡੀਆਈ ਫੌਜ ਨੇ ਥਾਈਲੈਂਡ ਦੇ ਸੁਰਿਨ ਪ੍ਰਾਂਤ ਵਿੱਚ ਸਥਿਤ ਫਨੋਮ ਡੋਂਗ ਰਕ ਹਸਪਤਾਲ ’ਤੇ 6 ਰਾਕੇਟ ਦਾਗੇ, ਜਿਸ ਕਾਰਨ ਮਰੀਜ਼ ਤੇ ਸਟਾਫ਼ ਨੂੰ ਜਾਨ ਬਚਾਉਣ ਲਈ ਭੱਜਣਾ ਪਿਆ।ਥਾਈ ਫੌਜ ਦਾ ਦਾਅਵਾ ਹੈ ਕਿ ਕੰਬੋਡੀਆ ਨੇ ਉਨ੍ਹਾਂ ’ਤੇ ਲਗਭਗ 5,000 ਰਾਕੇਟ ਤੇ ਕਈ ਆਤਮਘਾਤੀ ਡਰੋਨ ਹਮਲੇ ਕੀਤੇ। ਜੰਗ ਕਾਰਨ ਸਰਹੱਦੀ ਇਲਾਕਿਆਂ ਤੋਂ ਲੱਖਾਂ ਲੋਕਾਂ ਨੂੰ ਘਰ ਛੱਡਣੇ ਪਏ ਹਨ ਤੇ ਕਈ ਜ਼ਿਲ੍ਹਿਆਂ ਵਿੱਚ ਕਰਫਿਊ ਲਾਗੂ ਹੈ।

ਮੌਤਾਂ ਦਾ ਅੰਕੜਾ ਥਾਈਲੈਂਡ:

  • 4 ਫੌਜੀ ਮਾਰੇ ਗਏ, 68 ਜ਼ਖ਼ਮੀ
  • ਕੰਬੋਡੀਆ: 61 ਫੌਜੀ ਤੇ 9 ਨਾਗਰਿਕ ਮਾਰੇ ਗਏ

ਟਰੰਪ ਦਾ ਵੱਡਾ ਬਿਆਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, “ਥਾਈਲੈਂਡ ਤੇ ਕੰਬੋਡੀਆ ਨੇ ਜੰਗ ਸ਼ੁਰੂ ਕਰ ਦਿੱਤੀ ਹੈ। ਮੈਨੂੰ ਫੋਨ ਕਰਨਾ ਪਵੇਗਾ, ਮੈਂ ਇਸ ਜੰਗ ਨੂੰ ਰੋਕਾਂਗਾ।” ਪਰ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਦੋਵਾਂ ਦੇਸ਼ਾਂ ਦਾ ਆਪਸੀ ਮਾਮਲਾ ਹੈ ਤੇ ਸਿਰਫ਼ ਫੋਨ ਕਾਲ ਨਾਲ ਨਹੀਂ ਸੁਲਝੇਗਾ; ਗੰਭੀਰ ਤਿਆਰੀ ਤੇ ਆਧਾਰ ਚਾਹੀਦਾ ਹੈ।ਕੰਬੋਡੀਆ ਦਾ ਪੱਖ

ਸਰਕਾਰੀ ਬੁਲਾਰੇ ਮੁਤਾਬਕ ਉਹ ਸਿਰਫ਼ ਸ਼ਾਂਤੀ ਚਾਹੁੰਦੇ ਹਨ ਤੇ ਜੋ ਵੀ ਕਾਰਵਾਈ ਕੀਤੀ, ਉਹ ਸਿਰਫ਼ ਸਵੈ-ਰੱਖਿਆ ਵਿੱਚ ਕੀਤੀ ਗਈ ਹੈ।ਹਾਲਾਤ ਬੇਹੱਦ ਗੰਭੀਰ ਹਨ। ਦੋਵੇਂ ਫੌਜਾਂ ਆਹਮੋ-ਸਾਹਮਣੇ ਡਟੀਆਂ ਹਨ ਤੇ ਜੰਗ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਖਲ ਦੀਆਂ ਕੋਸ਼ਿਸ਼ਾਂ ਜਾਰੀ ਹਨ, ਪਰ ਹਾਲੇ ਤੱਕ ਕੋਈ ਸਪੱਸ਼ਟ ਸੁਲਹਾ ਨਜ਼ਰ ਨਹੀਂ ਆ ਰਿਹਾ।