‘ਦ ਖ਼ਾਲਸ ਬਿਊਰੋ :- ਇਸੇ ਸਾਲ 5 ਜਨਵਰੀ ਨੂੰ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਦੇ ਮਾਮਲੇ ਵਿੱਚ ਜਸਟਿਸ ਇੰਦੂ ਮਲਹੋਤਰਾ ਨੇ ਆਪਣੀ ਰਿਪੋਰਟ ਸੁਪਰੀਮ ਕੋਰਟ ਵਿੱਚ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਫਿਰੋਜ਼ਪੁਰ ਦੇ ਤਤਕਾਲੀ SSP ਹਰਮਨਦੀਪ ਸਿੰਘ ਹੰਸ ‘ਤੇ ਸਵਾਲ ਚੁੱਕਦੇ ਹੋਏ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਮੌਕੇ ‘ਤੇ ਸਹੀ ਕਦਮ ਨਹੀਂ ਚੁੱਕੇ ਅਤੇ PM ਦੀ ਸੁਰੱਖਿਆ ਵਿੱਚ ਤੈਨਾਤ ਅਫਸਰਾਂ ਨਾਲ ਸਹੀ ਤਾਲਮੇਲ ਵੀ ਨਹੀਂ ਕੀਤਾ। ਜਸਟਿਸ ਇੰਦੂ ਮਲਹੋਤਰਾ ਵੱਲੋਂ ਕੀਤੀ ਗਈ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਤਤਕਾਲੀ SSP ਨੂੰ 2 ਘੰਟੇ ਪਹਿਲਾਂ ਹੀ ਇਤਲਾਹ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਰਸਤਾ ਖਾਲ੍ਹੀ ਕਰਵਾਉਣ ਦੇ ਲਈ ਕੋਈ ਕਦਮ ਨਹੀਂ ਚੁੱਕੇ ਗਏ ਸਨ। ਉਧਰ ਸੁਪਰੀਮ ਕੋਰਟ ਨੇ ਇਹ ਰਿਪੋਰਟ ਸਰਕਾਰ ਨੂੰ ਭੇਜ ਦਿੱਤੀ ਹੈ ਅਤੇ ਇੱਕ ਕਮੇਟੀ ਬਣਾਉਣ ਦੀ ਸਿਫਾਰਿਸ਼ ਵੀ ਕਰ ਦਿੱਤੀ ਹੈ। ਸੁਣਵਾਈ ਦੌਰਾਨ ਅਦਾਲਤ ਨੇ PM ਦੀ ਸੁਰੱਖਿਆ ਨੂੰ ਲੈ ਕੇ ਗਾਇਡ ਲਾਈਨ ਵੀ ਜਾਰੀ ਕੀਤੀਆਂ ਹਨ।
PM ਦੀ ਸੁਰੱਖਿਆ ‘ਤੇ SC ਦੀ ਗਾਈਡ ਲਾਈਨ
PM ਦੀ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰ ਨੇ ਆਪੋ ਆਪਣੀ ਕਮੇਟੀ ਬਣਾਈ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਦੋਵਾਂ ਕਮੇਟੀਆਂ ‘ਤੇ ਰੋਕ ਲਗਾਉਣ ਤੋਂ ਬਾਅਦ ਜਸਟਿਸ ਇੰਦੂ ਮਲਹੋਤਰਾ ਅਧੀਨ ਜਾਂਚ ਕਮੇਟੀ ਦਾ ਗਠਨ ਕੀਤਾ ਹੈ । ਇਸ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਕਿਹਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਭਵਿੱਖ ਵਿੱਚ ਕੋਈ ਲਾਪਰਵਾਈ ਨਾ ਹੋਵੇ ਇਸ ਦੇ ਲਈ ਪੁਲਿਸ ਮੁਲਾਜ਼ਮਾਂ ਨੂੰ ਚੰਗੀ ਟ੍ਰੇਨਿੰਗ ਦਿੱਤੀ ਜਾਵੇ,ਕੇਂਦਰ ਅਤੇ ਸੂਬਿਆਂ ਵਿੱਚ ਸੁਰੱਖਿਆ ਨੂੰ ਲੈਕੇ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ, ਉਧਰ ਸੁਪਰੀਮ ਕੋਰਟ ਵੱਲੋਂ ਸੁਰੱਖਿਆ ਵਿੱਚ ਹੋਈ ਲਾਪਰਵਾਹੀ ‘ਤੇ ਫੈਸਲਾ ਲੈਣ ਦੀ ਗੇਂਦ ਕੇਂਦਰ ਦੇ ਪਾਲੇ ਵਿੱਚ ਸੁੱਟਣ ਤੋਂ ਬਾਅਦ ਹੁਣ ਪੰਜਾਬ ਦੇ ਕਈ ਅਫਸ਼ਰਾਂ ਤੇ ਗਾਜ਼ ਡਿੱਗ ਸਕਦੀ ਹੈ।
ਕੇਂਦਰ ਦੀ ਕਮੇਟੀ ਹੁਣ ਕਰੇਗੀ ਜਾਂਚ
ਸੁਪਰੀਮ ਕੋਰਟ ਵੱਲੋਂ ਸੌਂਪੀ ਗਈ ਰਿਪੋਰਟ ‘ਤੇ ਹੁਣ ਕੇਂਦਰ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਕਮੇਟੀ ਪ੍ਰਧਾਨ ਮੰਤਰੀ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਨੂੰ ਲੈ ਕੇ ਜਾਂਚ ਕਰੇਗੀ। ਜਸਟਿਸ ਇੰਦੂ ਮਲਹੋਤਰਾ ਨੇ ਆਪਣੀ ਰਿਪੋਰਟ ਵਿੱਚ ਪਹਿਲਾਂ ਹੀ ਤਤਕਾਲੀ SSP ਹਰਮਨਦੀਪ ਸਿੰਘ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ‘ਤੇ ਕਾਰਵਾਹੀ ਹੋਣਾ ਤਕਰੀਬਨ ਤੈਅ ਹੈ ਪਰ ਕਈ ਸੀਨੀਅਰ ਅਫਸਰਾਂ ‘ਤੇ ਵੀ ਗਾਜ਼ ਡਿੱਗ ਸਕਦੀ ਹੈ। ਇਸ ਵਿੱਚ ਤਤਕਾਲੀ ਡੀਜੀਪੀ ਸਿਧਾਰਥ ਚਟੋਉਪਾਦਿਆਏ ਦਾ ਨਾਂ ਵੀ ਸ਼ਾਮਲ ਹੈ ਕਿਉਕਿ ਜਿਸ ਵੇਲੇ ਪ੍ਰਧਾਨ ਮੰਤਰੀ ਸੁਰੱਖਿਆ ਵਿੱਚ ਲਾਪਰਵਾਹੀ ਹੋਈ ਸੀ ਉਸ ਵੇਲੇ ਉਹ ਸੂਬੇ ਦੇ ਡੀਜੀਪੀ ਸਨ, ਕੇਂਦਰ ਗ੍ਰਹਿ ਵਿਭਾਗ ਨੇ ਵੀ ਉਨ੍ਹਾਂ ‘ਤੇ ਹੀ ਉਂਗਲਾਂ ਚੁੱਕਿਆ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਡੀਜੀਪੀ ਦੇ ਅਹੁਦੇ ਤੋਂ ਵੀ ਹੱਟਾ ਦਿੱਤਾ ਗਿਆ ਸੀ
20 ਮਿੰਟ ਤੱਕ PM ਦਾ ਕਾਫਲਾ ਸੜਕ ‘ਤੇ ਖੜਾ ਰਿਹਾ
5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਫਿਰੋਜ਼ਪੁਰ ਦਾ ਦੌਰਾ ਸੀ ਉੱਥੇ ਉਨ੍ਹਾਂ ਨੇ ਕਈ ਯੋਜਨਾਵਾਂ ਦਾ ਉਦਘਾਟਨ ਕਰਨਾ ਸੀ ਅਤੇ ਬੀਜੇਪੀ ਦੀ ਰੈਲੀ ਨੁੰ ਸੰਬੋਧਨ ਕਰਨਾ ਸੀ,ਮੌਸਮ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਹੈਲੀਕਾਪਟਰ ਦੀ ਥਾਂ ਸੜਕੀ ਮਾਰਗ ਦੇ ਜ਼ਰੀਏ PM ਦੇ ਕਾਫਲੇ ਨੇ ਜਾਣ ਦਾ ਫੈਸਲਾ ਲਿਆ, ਇਸ ਦੀ ਜਾਣਕਾਰੀ ਵੀ SSP ਨੂੰ 2 ਘੰਟੇ ਪਹਿਲਾਂ ਦਿੱਤੀ ਗਈ ਸੀ ਪਰ ਅਚਾਨਕ ਇੱਕ ਪੁੱਲ ‘ਤੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਵਜ੍ਹਾ ਕਰਕੇ PM ਦਾ ਕਾਫਲਾ 20 ਮਿੰਟ ਤੱਕ ਰੁੱਕਿਆ ਰਿਹਾ,ਜਿਸ ਤੋਂ ਨਰਾਜ਼ ਪੀਐੱਮ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕੀਤੇ ਅਤੇ ਵਾਪਸ ਜਾਣ ਦਾ ਫੈਸਲਾ ਲਿਆ, ਜਿਸ ਥਾਂ ‘ਤੇ ਪ੍ਰਧਾਨ ਮੰਤਰੀ ਦਾ ਕਾਫਲਾ ਰੁੱਕਿਆ ਸੀ ਉਹ ਪਾਕਿਸਤਾਨ ਤੋਂ ਕਾਫੀ ਨਜ਼ਦੀਕ ਸੀ,ਇਸ ਪੂਰੀ ਘਟਨਾ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੇ ਤੌਰ’ ਤੇ ਵੇਖਿਆ ਸੀ, ਕੇਂਦਰੀ ਗ੍ਰਹਿ ਮੰਤਰਾਲੇ ਇਸ ਨੂੰ ਗੰਭੀਰਤਾ ਨਾਲ ਲਿਆ ਸੀ ਅਤੇ ਇਸ ਪੂਰੀ ਘਟਨਾ ਦੇ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਜਿਸ ਤੋਂ ਬਾਅਤ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੇਂਦਰ ਸਰਕਾਰ ਦੇ ਵਿਚਾਲੇ ਇਸ ਘਟਨਾ ਨੂੰ ਲੈਕੇ ਕਾਫ਼ੀ ਸਿਆਸਤ ਵੀ ਹੋਈ ਅਤੇ ਪੂਰਾ ਮਾਮਲਾ ਸੁਪਰੀਮ ਕੋਰਟ ਦੀ ਕਮੇਟੀ ਦੇ ਹਵਾਲੇ ਕਰ ਦਿੱਤਾ ਸੀ ਜਿਸ ਨੇ ਵੀ ਮੰਨਿਆ ਹੈ PM ਦੀ ਸੁਰੱਖਿਆ ਨੂੰ ਲੈਕੇ ਲਾਪਰਵਾਹੀ ਹੋਈ ਸੀ