Punjab

7 ਜੇਲ੍ਹ ਅਧਿਕਾਰੀਆਂ ਖਿਲਾਫ ਜਾਂਚ ਦੇ ਹੁਕਮ ! 1 ਮਹੀਨੇ ‘ਚ ਜੇਲ੍ਹ ਤੋਂ ਹੋਈਆਂ 43 ਹਜ਼ਾਰ ਫੋਨ ਕਾਲ,ਕਰੋੜਾਂ ਦੀ ਡਰੱਗ ਮੰਨੀ ਟਰਾਂਸਫਰ ! ਅਦਾਲਤ ਨੇ ਕਿਹਾ ਚਾਹ ਸਮੋਸੇ ਨਾਲ ਨਹੀਂ ਸਰੇਗਾ !

ਬਿਉਰੋ ਰਿਪੋਰਟ : ਫਿਰੋਜ਼ਪੁਰ ਜੇਲ੍ਹ ਵਿੱਚ ਡਰੱਗ ਅਤੇ ਮੋਬਾਈਲ ਨੈੱਟਵਰਕ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਦੀ ਸਖਤ ਟਿੱਪਣੀਆਂ ਤੋਂ ਬਾਅਦ ਹੁਣ ਪੰਜਾਬ ਪੁਲਿਸ ਐਕਸ਼ਨ ਵਿੱਚ ਆਈ ਹੈ। ਜੇਲ੍ਹ ਸੁਪਰਡੈਂਟ ਸਮੇਤ 7 ਅਧਿਆਕਾਰੀਆਂ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ । ਇਸ ਵਿੱਚ 2 ਮੌਜੂਦਾ ਅਤੇ 3 ਸੇਵਾ ਮੁਕਤ ਸੁਪਰਡੈਂਟ ਵੀ ਜਾਂਚ ਦੇ ਘੇਰੇ ਵਿੱਚ ਹਨ । ਜੇਲ੍ਹ ਵਿੱਚ ਤਿੰਨ ਤਸਕਰਾਂ ਵੱਲੋਂ 1 ਮਹੀਨੇ ਦੇ ਅੰਦਰ 43 ਹਜ਼ਾਰ ਤੋਂ ਵੱਧ ਫੋਨ ਕਾਲ ਕਰਨ ਦਾ ਇਲਜ਼ਾਮ ਹੈ। ਯਾਨੀ ਰੋਜ਼ 1,295 ਕਾਲਾਂ ਅਤੇ ਪ੍ਰਤੀ ਘੰਟਾ 53 ਕਾਲਾਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 2 ਤਸਕਰਾਂ ਨੇ ਆਪਣੀ ਪਤਨੀ ਦੇ ਖਾਤਿਆਂ ਵਿੱਚ 1 ਕਰੋੜਾਂ 35 ਲੱਖ ਰੁਪਏ ਟਰਾਂਸਫਰ ਹੋਏ ਸਨ।

ਜਿੰਨਾਂ ਪੁਲਿਸ ਅਧਿਆਕਾਰੀਆਂ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਹਨ ਉਨ੍ਹਾਂ ਵਿੱਚ ਸਤਨਾਮ ਸਿੰਘ ਸੁਪਰਡੈਂਟ,ਅਰਵਿੰਦਰ ਸਿੰਘ ਸਾਬਕਾ ਸੁਪਰਡੈਂਟ,ਪਰਮਿੰਦਰ ਸਿੰਘ ਦਾ ਨਾਂ ਸ਼ਾਮਲ ਹੈ । ਇਸ ਤੋਂ ਪਹਿਲਾਂ ਬੀਤੇ ਦਿਨੀ ਪੰਜਾਬ ਹਰਿਆਣਾ ਹਾਈਕੋਰਟ ਨੇ ਇਸੇ ਮਾਮਲੇ ਵਿੱਚ ਸਖਤ ਨੋਟਿਸ ਲੈਂਦੇ ਹੋਏ ਪੁੱਛਿਆ ਸੀ ਕਿਉਂ ਨਾ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਜਾਵੇ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸੇ ਦਾ ਜਵਾਬ ਵਿੱਚ ਕਿਹਾ ਗਿਆ ਸੀ ਕਿ ਅਸੀਂ ਸੁਧਾਰ ਦੇ ਲਈ ਹਰ ਸ਼ੁੱਕਰਵਾਰ ਨੂੰ ਮੀਟਿੰਗ ਕਰਦੇ ਹਾਂ ਜਿਸ ਦੇ ਜਵਾਬ ਵਿੱਚ ਅਦਾਲਤ ਨੇ ਕਿਹਾ ਸੀ ਕਿ ਸਾਨੂੰ ਪਤਾ ਹੈ ਕਿ ਮੀਟਿੰਗਾਂ ਵਿੱਚ ਸਿਰਫ ਚਾਹ ਅਤੇ ਸਮੋਸੇ ਹੀ ਚੱਲਦੇ ਹਨ ਇਸ ਤੋਂ ਵੱਧ ਕੁਝ ਨਹੀਂ ਹੁੰਦਾ ਹੈ। ਜੇਕਰ ਕੋਈ ਕਾਰਵਾਈ ਹੁੰਦੀ ਤਾਂ ਇਸ ਦਾ ਨਤੀਜਾ ਜ਼ਰੂਰ ਨਜ਼ਰ ਆਉਂਦਾ ।

ਹਾਈਕੋਰਟ ਦੀ ਫਟਕਾਰ ਤੋਂ ਬਾਅਦ ਜਿਸ ਤਰ੍ਹਾਂ ਨਾਲ ਜੇਲ੍ਹ ਵਿਭਾਗ ਵੱਲੋਂ ਐਕਸ਼ਨ ਲਿਆ ਗਿਆ ਹੈ ਉਸ ਤੋਂ ਬਾਅਦ ਹੁਣ ਅਦਾਲਤ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਅਗਲੀ ਸੁਣਵਾਈ ਵਿੱਚ ਅਦਾਲਤ ਸਰਕਾਰ ਦੀ ਇਸ ਕਾਰਵਾਈ ‘ਤੇ ਕਿੰਨੀ ਸੰਤੁਸ਼ਟ ਨਜ਼ਰ ਆਉਂਦੀ ਹੈ,ਇਹ ਵੇਖਣ ਵਾਲੀ ਗੱਲ ਹੋਵੇਗੀ ।