Punjab

ਫ਼ਿਰੋਜਪੁਰ : ਭਾਰੀ ਮਾਤਰਾ ‘ਚ ਨਕਲੀ ਦੇਸੀ ਘਿਓ ਬਰਾਮਦ, ਗੰਗਾਨਗਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਗੱਡੀ

Ferozepur: A huge quantity of fake desi ghee was recovered, the train was going from Ganganagar to Amritsar

ਫ਼ਿਰੋਜ਼ਪੁਰ :  ਸੂਬੇ ਅੰਦਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ। ਰਾਜਸਥਾਨ ਦੇ ਗੰਗਾਨਗਰ ਤੋਂ ਅੰਮ੍ਰਿਤਸਰ ਭੇਜੇ ਜਾ ਰਹੇ ਨਕਲੀ ਦੇਸੀ ਘਿਓ ਦੀ ਗੱਡੀ ਨੂੰ ਫ਼ਿਰੋਜ਼ਪੁਰ-ਫ਼ਾਜ਼ਲਿਕਾ ਰੋਡ ’ਤੇ ਸਥਿਤ ਪਿੰਡ ਖਾਈ ਫੇਮੇ ਕੀ ਕੋਲ ਜਦੋਂ ਸਿਹਤ ਵਿਭਾਗ ਨੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਸ ਵਿੱਚੋਂ ਕਰੀਬ 35 ਕੁਇੰਟਲ ਨਕਲੀ ਦੇਸੀ ਘਿਓ ਬਰਾਮਦ ਹੋਇਆ। ਗੱਡੀ ਨੂੰ ਕਬਜ਼ੇ ’ਚ ਲੈ ਕੇ ਘਿਓ ਦੇ ਸੈਂਪਲ ਭਰ ਲਏ ਹਨ।

ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਅਤੇ ਈਸ਼ਾਨ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵੱਡੀ ਗਿਣਤੀ ਵਿੱਚ ਨਕਲੀ ਦੇਸੀ ਘਿਓ ਦੀ ਸਪਲਾਈ ਹੋ ਰਹੀ ਹੈ। ਜਦੋਂ ਸ਼ੱਕ ਦੇ ਆਧਾਰ ’ਤੇ ਗੱਡੀ ਨੂੰ ਰੋਕਿਆ ਗਿਆ ਤਾਂ ਉਸ ’ਚੋਂ ਘਿਓ ਦੇ ਪਾਊਚ ਵੀ ਮਿਲੇ, ਜੋ ਕਿ 20 ਰੁਪਏ ’ਚ ਵੇਚੇ ਜਾਣੇ ਸਨ।

ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਨੰਦਨੀ, ਰਾਜਪ੍ਰੀਤ, ਗੌਰੀ ਸ਼੍ਰੀ, ਸਕਸ਼ਮ, ਗਿਆਨ, ਸੰਯਮ ਡੇਅਰੀ, ਸਵਾਸਤਿਕ ਪ੍ਰੀਮੀਅਮ, ਤ੍ਰਿਸ਼ੂਲ ਮਸਟਰਡ ਤੇਲ ਸੀ। ਉਨ੍ਹਾਂ ਦੱਸਿਆ ਕਿ ਜਦੋਂ ਗੱਡੀ ਨੂੰ ਦਫ਼ਤਰ ਲਿਆਂਦਾ ਗਿਆ ਤਾਂ ਘਿਓ ਦੀਆਂ 15 ਪੇਟੀਆਂ ਬਿਨਾਂ ਕਿਸੇ ਕੰਪਨੀ ਦੇ ਨਾਂ ਜਾਂ ਲੇਬਲ ਤੋਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚੋਂ 7 ਕੁਇੰਟਲ ਸਰੋਂ ਦਾ ਹਲਕੀ ਕੁਆਲਿਟੀ ਦਾ ਤੇਲ ਵੀ ਬਰਾਮਦ ਹੋਇਆ ਹੈ।

ਅਭਿਨਵ ਖੋਸਲਾ ਨੇ ਦੱਸਿਆ ਕਿ ਵਿਭਾਗ ਵੱਲੋਂ ਇਹ ਕਾਰਵਾਈ ਫੂਡ ਕਮਿਸ਼ਨਰ ਅਭਿਨਵ ਤ੍ਰਿਖਾ ਦੀਆਂ ਹਦਾਇਤਾਂ ਅਤੇ ਸਿਵਲ ਦੀ ਦੇਖ-ਰੇਖ ਹੇਠ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਘਿਓ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਇਸ ਦੇ ਸੈਂਪਲ ਲੈ ਕੇ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਜਿੱਥੋਂ ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹਾ ਸਿਹਤ ਅਫ਼ਸਰ ਹਰਕੀਰਤ ਸਿੰਘ ਨੇ ਦੱਸਿਆ ਕਿ ਵਿਭਾਗ ਦੀ ਟੀਮ ਵੱਲੋਂ ਸਮੇਂ-ਸਮੇਂ ’ਤੇ ਚੈਕਿੰਗ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਪੰਜਾਬ ਨੂੰ ਦੂਜੇ ਰਾਜਾਂ ਤੋਂ ਘਟੀਆ ਕੁਆਲਿਟੀ ਦਾ ਘਿਓ ਸਪਲਾਈ ਕੀਤਾ ਜਾ ਰਿਹਾ ਹੈ, ਜਿਸ ਨਾਲ ਸਿਹਤ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਕਲੀ ਦੇਸੀ ਘਿਓ, ਗੁਟਖਾ ਅਤੇ ਤੰਬਾਕੂ ਵੇਚਣ ਵਾਲਿਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਲ੍ਹਿੇ ਵਿੱਚ ਕਿਸੇ ਨੂੰ ਵੀ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।