Punjab

ਇਮੀਗਰੇਸ਼ਨ ਕੰਪਨੀ ਤੋਂ ਤੰਗ ਆ ਪਤੀ ਪਤਨੀ ਟੈਂਕੀ ‘ਤੇ ਚੜੇ, ਪੁਲਿਸ ਮੌਕੇ ‘ਤੇ ਪੁੱਜੀ

ਲੁਧਿਆਣਾ (Ludhiana) ਦੇ ਮਾਡਲ ਟਾਊਨ (Model Town)  ‘ਚ ਪਤੀ-ਪਤਨੀ ਵੱਲੋਂ ਪਾਣੀ ਵਾਲੀ ਟੈਂਕੀ ‘ਤੇ ਚੜ ਕੇ ਰੋਸ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਨਾਲ ਗਲੋਬਲ ਨਾਮ ਦੀ ਟਰੈਵਲ ਕੰਪਨੀ ਨੇ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਸ ਵੱਲੋਂ ਕਈ ਦਿਨਾਂ ਤੋਂ ਕੰਪਨੀ ਦੇ ਗੇੜੇ ਮਾਰੇ ਜਾ ਰਹੇ ਸਨ ਪਰ ਉਸ ਨੂੰ ਕੋਈ ਇਨਸਾਫ ਨਹੀਂ ਦਿੱਤਾ ਜਾ ਰਿਹਾ ਸੀ। ਟੈਂਕੀ ‘ਤੇ ਚੜੇ ਵਿਅਕਤੀ ਵੱਲੋਂ ਚੀਕਾ ਮਾਰ-ਮਾਰ ਕੇ ਆਪਣੀ ਸਾਰੀ ਕਹਾਣੀ ਬਿਆਨ ਕੀਤੀ ਗਈ। ਉਨ੍ਹਾਂ ਦੀ ਸੁਣਵਾਈ ਨਾ ਹੋਣ ਕਾਰਨ ਉਹ ਪਾਣੀ ਵਾਲੀ ਟੈਂਕੀ ‘ਤੇ ਚੜ ਗਏ, ਜਿਸ ਤੋਂ ਬਾਅਦ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਤਾਂ ਲੋਕਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਦੋਵੇਂ ਧੂਰੀ ਦੇ ਰਹਿਣ ਵਾਲੇ ਹਨ। ਏਸੀਪੀ ਜਤਿਨ ਬਾਂਸਲ ਘਟਨਾ ਵਾਲੀ ਥਾਂ ’ਤੇ ਪੁੱਜੇ ਹੋਏ ਹਨ। ਦੋਵਾਂ ਦੀ ਪਹਿਚਾਣ ਹਰਦੀਪ ਸਿੰਘ ਅਤੇ ਅਮਨਦੀਪ ਕੌਰ ਵਜੋਂ ਹੋਈ ਹੈ।

ਹਰਦੀਪ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਅਤੇ ਨੂੰਹ ਨੇ ਜਨਵਰੀ ਮਹਿਨੇ ਵਿੱਚ ਫਾਇਲ ਲਗਵਾਈ ਸੀ ਅਤੇ ਗਲੋਬਲ ਇਮੀਗਰੇਸ਼ਨ ਵੱਲੋਂ ਉਸ ਸਮੇਂ ਕਿਹਾ ਸੀ ਕਿ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੱਗਣਗੇ ਪਰ ਫਿਰ ਦੂਜੇ ਮਹਿਨੇ ਤੋਂ ਹੀ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਗਏ। ਉਨ੍ਹਾਂ ਨੇ ਬੈਂਕ ਤੋਂ 10 ਲੱਖ ਰੁਪਏ ਕਰਜ਼ਾ ਲੈ ਕੇ ਇਮੀਗਰੇਸ਼ਨ ਕੰਪਨੀ ਨੂੰ ਦਿੱਤੇ ਸਨ। ਪੈਸੇ ਲੈਣ ਤੋਂ ਬਾਅਦ ਉਨ੍ਹਾਂ ਨੇ ਟਾਲ ਮਟੌਲ ਕਰਕੇ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ।  ਜੇਕਰ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਸਨ। ਕੁੱਲ ਸੌਦਾ 26 ਲੱਖ ਰੁਪਏ ਵਿੱਚ ਹੋਇਆ ਸੀ। ਹਰਦੀਪ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਪ੍ਰਸਾਸ਼ਨ ਕੋਲ ਵੀ ਇਹ ਮੁੱਦਾ ਚੁੱਕਿਆ ਸੀ ਪਰ ਉਨ੍ਹਾਂ ਨੇ ਵੀ ਕੁਝ ਨਹੀਂ ਕੀਤਾ। ਪੁਲਿਸ ਦਫਤਰ ਦੇ ਕਈ ਗੇੜੇ ਮਾਰੇ ਗਏ। ਇਸ ਸਬੰਧੀ ਪੁਲਿਸ ਕਮਿਸ਼ਨਰ ਦਫਤਰ ਵਿੱਚ ਸ਼ਿਕਾਇਤ ਪੱਤਰ ਵੀ ਦਿੱਤਾ ਗਿਆ ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਧੂਰੀ ਪੁਲਿਸ ਵੱਲੋਂ ਲੁਧਿਆਣਾ ਪੁਲਿਸ ਨਾਲ ਜਾਂਚ ਲਈ ਸੰਪਰਕ ਬਣਾਇਆ ਗਿਆ ਪਰ ਲੁਧਿਆਣਾ ਪੁਲਿਸ ਨੇ ਕੋਈ ਸਹਿਯੋਗ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅੱਜ ਕੋਈ ਸੁਣਵਾਈ ਨਾ ਹੋਈ ਤਾਂ ਉਸ ਦਾ ਬੇਟਾ ਅਤੇ ਨੂੰਹ ਖੁਦਕੁਸ਼ੀ ਕਰ ਲੈਣਗੇ।

ਇਸ ਸਬੰਧੀ ਏਸੀਪੀ ਜਤਿਨ ਬਾਂਸਲ ਨੇ ਦੱਸਿਆ ਕਿ ਟੈਂਕੀ ‘ਤੇ ਚੜੇ ਜੋੜੇ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਥੱਲੇ ਆਉਣ ਲਈ ਕਿਹਾ ਹੈ ਤਾਂ ਦੋਵੇਂ ਧਿਰਾਂ ਦੀ ਗੱਲਬਾਤ ਹੋ ਸਕੇ। ਉਨ੍ਹਾਂ ਕਿਹਾ ਕਿ ਦੋਵਾਂ ਨੂੰ ਇਨਸਾਫ ਜ਼ਰੂਰ ਦਵਾਇਆ ਜਾਵੇਗਾ।

ਇਹ ਵੀ ਪੜ੍ਹੋ –   ਸ਼ੰਭੂ ਬਾਰਡਰ ਖੋਲ੍ਹਣ ਦੇ ਮਾਮਲੇ ‘ਤੇ ਅੱਜ ਸੁਣਵਾਈ, ਕਮੇਟੀ ਬਣਾਉਣ ਲਈ SC ‘ਚ ਰੱਖੇ ਜਾਣਗੇ ਨਾਂ