The Khalas Tv Blog Punjab ਕਿਸਾਨ ਅੰਦੋਲਨਾਂ ਤੋਂ ਡਰੀ ਕੇਂਦਰ ਸਰਕਾਰ ਨੇ ਖੋਲ੍ਹਿਆ ਗੱਲਬਾਤ ਦਾ ਰਾਹ, ਮੀਟਿੰਗ ਦਾ ਦਿੱਤਾ ਖੁੱਲ੍ਹਾ ਸੱਦਾ
Punjab

ਕਿਸਾਨ ਅੰਦੋਲਨਾਂ ਤੋਂ ਡਰੀ ਕੇਂਦਰ ਸਰਕਾਰ ਨੇ ਖੋਲ੍ਹਿਆ ਗੱਲਬਾਤ ਦਾ ਰਾਹ, ਮੀਟਿੰਗ ਦਾ ਦਿੱਤਾ ਖੁੱਲ੍ਹਾ ਸੱਦਾ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਕੌਮੀ ਪਸਾਰ ਨੂੰ ਦੇਖਦੇ ਹੋਏ ਗੱਲਬਾਤ ਲਈ ਕਿਸਾਨ ਧਿਰਾਂ ਨੂੰ ਮੰਤਰੀ ਪੱਧਰ ਦੀ ਮੀਟਿੰਗ ਲਈ ਪੇਸ਼ਕਸ਼ ਕੀਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਕਿਸਾਨ ਆਗੂਆਂ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ। ਰੱਖਿਆ ਮੰਤਰੀ ਨੇ ਕਿਸਾਨ ਆਗੂਆਂ ਨੂੰ ਕਿਸੇ ਵਕਤ ਵੀ ਮੀਟਿੰਗ ਲਈ ਆਉਣ ਦਾ ਸੱਦਾ ਦਿੱਤਾ ਹੈ ਅਤੇ ਲਿਖਤੀ ਸੱਦਾ ਭੇਜੇ ਜਾਣ ਦੀ ਗੱਲ ਆਖੀ ਹੈ।

ਦਿਵਾਲੀ ਤੋਂ ਮਗਰੋਂ ਇਹ ਮੀਟਿੰਗ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ 26 ਅਤੇ 27 ਨਵੰਬਰ ਨੂੰ ‘ਦਿੱਲੀ ਚੱਲੋ’ ਦਾ ਸੱਦਾ ਦਿੱਤਾ ਹੋਇਆ ਹੈ। ਪੰਜਾਬ ਦੀਆਂ 30 ਕਿਸਾਨ ਧਿਰਾਂ ਵੱਲੋਂ ਇਸ ਦੀ ਤਿਆਰੀ ਵਿੱਢੀ ਗਈ ਹੈ। ਪੰਜਾਬ ’ਚ ਸੰਘਰਸ਼ ਭਖਣ ਮਗਰੋਂ ਇਹ ਅੰਦੋਲਨ ਕੌਮੀ ਰੂਪ ਲੈਣ ਲੱਗਾ ਹੈ। 5 ਨਵੰਬਰ ਦੇ ਚੱਕਾ ਜਾਮ ਨੂੰ ਕੌਮੀ ਪੱਧਰ ’ਤੇ ਮਿਲੇ ਹੁੰਗਾਰੇ ਦਾ ਵੀ ਕੇਂਦਰ ਨੇ ਨੋਟਿਸ ਲਿਆ ਹੈ।

ਮਾਲ ਗੱਡੀਆਂ ਦੀ ਆਵਾਜਾਈ ਖੋਲ੍ਹਣ ਲਈ ਕੇਂਦਰ ਨੇ ਅੜੀ ਵੀ ਨਾਲੋ-ਨਾਲ ਫੜੀ ਹੋਈ ਹੈ। ਪੰਜਾਬ ਭਾਜਪਾ ਦੀ ਕਿਸਾਨਾਂ ਨਾਲ ਤਾਲਮੇਲ ਲਈ ਬਣਾਈ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਵਫ਼ਦ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਮੀਟਿੰਗ ਕੀਤੀ। ਵਫ਼ਦ ਵਿੱਚ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਭਾਜਪਾ ਦੇ ਕਿਸਾਨ ਮੋਰਚਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਵੀ ਸ਼ਾਮਲ ਸਨ।

ਸੁਰਜੀਤ ਜਿਆਣੀ ਨੇ ਕਿਸਾਨਾਂ ਦੇ ਪੱਖ ਵਿੱਚ ਸਟੈਂਡ ਲਿਆ ਹੈ। ਸਾਬਕਾ ਮੰਤਰੀ ਸੁਰਜੀਤ ਜਿਆਣੀ ਨੇ ਦੱਸਿਆ ਕਿ ਉਨ੍ਹਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀ ਮੰਤਰੀ ਨਰੇਂਦਰ ਤੋਮਰ ਨਾਲ ਮੀਟਿੰਗ ਕੀਤੀ, ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦੇ ਮਸਲਿਆਂ ਅਤੇ ਮਾਹੌਲ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ ਗਈ। ਉਨ੍ਹਾਂ ਦੀ ਹਾਜ਼ਰੀ ਵਿੱਚ ਰਾਜਨਾਥ ਸਿੰਘ ਨੇ ਕਿਸਾਨ ਆਗੂਆਂ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕੇਂਦਰੀ ਵਜ਼ੀਰਾਂ ਨੇ ਕਿਸਾਨ ਧਿਰਾਂ ਨੂੰ ਕਿਸੇ ਵੇਲੇ ਵੀ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ ਅਤੇ ਲਿਖਤੀ ਸੱਦਾ ਭੇਜਣ ਦੀ ਗੱਲ ਆਖੀ ਹੈ। ਜਿਆਣੀ ਨੇ ਕਿਹਾ ਕਿ ਕਿਸਾਨ ਧਿਰਾਂ ਵੱਲੋਂ ਹੁਣ ਜਦੋਂ ਵੀ ਹੁੰਗਾਰਾ ਭਰਿਆ ਜਾਵੇਗਾ, ਉਦੋਂ ਹੀ ਕੇਂਦਰ ਨਾਲ ਗੱਲਬਾਤ ਲਈ ਮੀਟਿੰਗ ਤੈਅ ਕਰਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੂਬਾ ਲੀਡਰਸ਼ਿਪ ਨੇ ਪਹਿਲਾਂ ਕੇਂਦਰ ਨਾਲ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਸੀ। ਕੇਂਦਰ ਸਰਕਾਰ ਕੋਈ ਤਾਲਮੇਲ ਕਮੇਟੀ ਵੀ ਬਣਾ ਸਕਦੀ ਹੈ, ਜਿਸ ਵਿੱਚ ਕੇਂਦਰੀ ਵਜ਼ੀਰਾਂ ਤੋਂ ਇਲਾਵਾ ਸੂਬਾਈ ਭਾਜਪਾ ਲੀਡਰਸ਼ਿਪ ਦੇ ਆਗੂ ਵੀ ਸ਼ਾਮਲ ਹੋ ਸਕਦੇ ਹਨ।

ਕੇਂਦਰ ਪਹਿਲਾਂ ਸੁਖਾਵਾਂ ਮਾਹੌਲ ਬਣਾਏ – ਕਿਸਾਨ ਜਥੇਬੰਦੀ

ਕਿਸਾਨ ਜਥੇਬੰਦੀ ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਦਾ ਕਹਿਣਾ ਸੀ ਕਿ ਕਿਸਾਨ ਆਗੂ ਕਦੇ ਵੀ ਗੱਲਬਾਤ ਤੋਂ ਪਿੱਛੇ ਨਹੀਂ ਹਟੇ ਪਰ ਕੇਂਦਰ ਸਰਕਾਰ ਮਾਲ ਗੱਡੀਆਂ ਚਲਾ ਕੇ ਗੱਲਬਾਤ ਲਈ ਮਾਹੌਲ ਸੁਖਾਵਾਂ ਬਣਾਏ ਜਾਣ ਦਾ ਮੁੱਢ ਬੰਨ੍ਹੇ। ਉਨ੍ਹਾਂ ਕਿਹਾ ਕਿ ਕੇਂਦਰ ਦੇ ਏਜੰਡੇ ਸਮੇਤ ਬਿਨਾਂ ਸ਼ਰਤਾਂ ਤੋਂ ਕੋਈ ਲਿਖਤੀ ਪੱਤਰ ਗੱਲਬਾਤ ਲਈ ਆਉਂਦਾ ਹੈ ਤਾਂ 30 ਕਿਸਾਨਾਂ ਦੀ ਐਮਰਜੈਂਸੀ ਮੀਟਿੰਗ ਵੀ ਸੱਦੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਆਗੂ ਕੁੱਝ ਦਿਨਾਂ ਤੋਂ ਤਾਲਮੇਲ ਕਰ ਰਹੇ ਸਨ। ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਨੂੰ ਕਿਸਾਨ ਅੰਦੋਲਨ ਦੇ ਦੇਸ਼ ਵਿਆਪੀ ਬਣਨ ਦਾ ਡਰ ਹੈ ਅਤੇ ਹੁਣ ਸਰਕਾਰ ਵੱਲੋਂ ਗੱਲਬਾਤ ਲਈ ਪਹੁੰਚ ਕੀਤੀ ਜਾ ਰਹੀ ਹੈ।

Exit mobile version