ਹਰ ਸਮੇਂ ਯਾਤਰੀਆਂ ਅਤੇ ਸ਼ਰਧਾਲੂਆਂ ਦੀ ਚਹਿਲ ਪਹਿਲ ਵਾਲੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। ਅੱਟਵਾਦੀਆਂ ਵਲੋਂ ਪਹਿਲਗਾਮ ’ਚ ਕੀਤੇ ਹਮਲੇ ਬਾਅਦ ਅਪਰੇਸ਼ਨ ਸਿੰਧੂਰ ਦੀਆ ਖ਼ਬਰਾਂ ਆਉਣ ਤੋਂ ਬਾਅਦ ਅੰਮ੍ਰਿਤਸਰ ਵਿਚ ਯਾਤਰੀਆਂ ਦੀ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਸ੍ਰੀ ਦਰਬਾਰ ਸਾਹਿਬ ਵਿਚ ਯਾਤਰੀਆਂ ਦੀ ਗਿਣਤੀ ਆਮ ਦਿਨਾਂ ਨਾਲੋਂ 30 ਫ਼ੀਸਦੀ ਰਹਿ ਗਈ ਹੈ।
ਸ੍ਰੀ ਦਰਬਾਰ ਸਾਹਿਬ ਪਲਾਜ਼ਾ ਅਤੇ ਵਿਰਾਸਤੀ ਗਲੀ ਵਿਚ ਵੀ ਟਾਵਾਂ ਟਾਵਾਂ ਯਾਤਰੀ ਦੇਖਣ ਨੂੰ ਮਿਲ ਰਿਹਾ ਸੀ। ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅਗਲੇ ਹੁਕਮਾਂ ਤਕ ਬੰਦ ਕਰ ਦਿਤਾ ਗਿਆ ਹੈ।
ਅੰਮ੍ਰਿਤਸਰ ਦੇ ਸਾਰੇ ਹੀ ਸਕੂਲਾਂ ਨੂੰ ਵੀ ਬੰਦ ਕਰ ਦਿਤਾ ਗਿਆ ਹੈ। ਸਰਹੱਦੀ ਖੇਤਰਾਂ ਵਿਚ ਵੀ ਸੁਰਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸ਼ਹਿਰ ਵਾਸੀਆਂ ਦੇ ਚਿਹਰਿਆਂ ’ਤੇ ਜੰਗ ਦਾ ਖ਼ੌਫ਼ ਤੇ ਸਹਿਮ ਸਾਫ਼ ਦੇਖਿਆ ਜਾ ਸਕਦਾ ਹੈ।