‘ਦ ਖ਼ਾਲਸ ਬਿਊਰੋ:- ਪਿਛਲੇ ਦਿਨੀਂ 24 ਅਗਸਤ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਕਈ ਅਹਿਮ ਆਦੇਸ਼ ਜਾਰੀ ਕੀਤੇ ਸਨ। ਇਸ ਵਿੱਚ ਵਿਵਾਦਿਤ ਸਿੱਖ ਪ੍ਰਚਾਰਕਾਂ ਸੰਬੰਧੀ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕੀਤੇ ਸਨ। ਸਿੰਘ ਸਾਹਿਬ ਨੇ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਅਤੇ ਹਰਿੰਦਰ ਸਿੰਘ ਯੂ.ਕੇ. ਵਾਲਿਆਂ ਦੇ ਵੀਡੀਓ ਨਾ ਸੁਣਨ ਅਤੇ ਨਾ ਹੀ ਅੱਗੇ ਸ਼ੇਅਰ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਸਨ।
ਅੱਜ ਚੰਡੀਗੜ੍ਹ ਵਿਖੇ ਸਿੱਖ ਵਿਚਾਰ ਮੰਚ ਨੇ ਸਿੰਘ ਸਾਹਿਬਾਨਾਂ ਵੱਲੋਂ ਸੁਣਾਏ ਗਏ ਇਨ੍ਹਾਂ ਫੈਸਲਿਆਂ ਦਾ ਵਿਰੋਧ ਕੀਤਾ ਹੈ। ਇਸ ਮੰਚ ਨੇ ਕਿਹਾ ਕਿ ਪ੍ਰਚਾਰਕਾਂ ਦੇ ਸਬੰਧ ਵਿੱਚ ਲਏ ਗਏ ਫੈਸਲੇ ਨੂੰ ਸਿੱਖ ਸਮਾਜ ਦੇ ਵੱਡੇ ਹਿੱਸੇ ਨੂੰ ਇੱਕ ਧਿਰ ਦੇ ਦਬਾ ਥੱਲੇ ਕੀਤਾ ਇਕ ਪਾਸੜ ਐਲਾਨ ਮੰਨਿਆ ਹੈ। ਜਿਸ ਵਿੱਚੋਂ ਪੱਖਪਾਤ ਦੀ ਝਲਕ ਸਪੱਸ਼ਟ ਦਿਖਾਈ ਦੇ ਰਹੀ ਹੈ। ਲੰਬੇ ਸਮੇਂ ਤੋਂ ਚੱਲਦੇ ਸਿੱਖ ਸਨਾਤਨੀ ਡੇਰੇਦਾਰਾਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕਾਂ ਵਿਚਕਾਰ ਵਿਵਾਦ ਨੂੰ ਸਿੰਘ ਸਾਹਿਬਾਨਾਂ ਦੇ ਫੈਸਲੇ ਨੂੰ ਘਟਾਉਣ ਦੀ ਥਾਂ ਵਧਾਇਆਂ ਹੈ। ਸਾਨੂੰ ਡਰ ਹੈ ਕਿ ਸਿੱਖਾਂ ਅੰਦਰ ਵੀ ਮੁਸਲਮਾਨਾਂ ਦੀ ਤਰਜ਼ ਉੱਤੇ ਸ਼ੀਆਂ ਅਤੇ ਸੁੰਨੀ ਫਿਰਕੇ ਖੜ੍ਹੇ ਕਰਕੇ ਆਪਸੀ ਖੂਨ-ਖਰਾਬੇ ਦਾ ਮੁੱਢ ਬੰਨਿਆ ਜਾ ਰਿਹਾ ਹੈ।
ਅਫਸੋਸ ਹੈ ਕਿ ਡੇਰੇਦਾਰਾਂ ਅਤੇ ਸਿੱਖ ਮਿਸ਼ਨਰੀ ਪ੍ਰਚਾਰਕਾਂ ਦੀ ਗੁਰਬਾਨੀ ਦੀ ਵਿਆਖਿਆ ਪ੍ਰਣਾਲੀਆਂ ਦੇ ਵਖਰੇਵਿਆਂ ਨੂੰ ਅਧਾਰ ਬਣਾਕੇ ਸਿੱਖ ਵਿਰੋਧੀ ਤਾਕਤਾਂ ਨੂੰ ਅਸੀਂ ਸਿੱਖ ਮਹਾਨ ਸੰਸਥਾਵਾਂ ਵਿੱਚ ਵਿਗਾੜ ਪਾਉਣ ਦਾ ਮੌਕਾ ਪ੍ਰਦਾਨ ਕਰ ਰਹੇ ਹਾਂ। ਉਪਰੋਕਤ ਮਸਲੇ ਨੂੰ ਗੁਰਮਤਿ ਸਿਧਾਂਤ ਦੀ ਰੋਸ਼ਨੀ ਵਿੱਚ ਅਤੇ ਸਿੰਘ ਜਥੇਬੰਦੀਆਂ/ਸੰਸਥਾਵਾਂ ਦੀ ਪ੍ਰਤੀਨਿਧ ਇੱਕਤਰਤਾ ਵਿੱਚ ਵਿਚਾਰ ਕਰਕੇ, ਸਾਂਝੇ ਮਤ ਤਿਆਰ ਕਰਕੇ ਹੀ ਸਿੰਘ ਸਾਹਿਬਾਨਾਂ ਨੂੰ ਫੈਸਲਾ ਕਰਨਾ ਚਾਹੀਦਾ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਅਕਾਲ ਤਖਤ ਦੀ ਉੱਚਤਾ ਨੂੰ ਬਰਕਰਾਰ ਰੱਖਣ ਲਈ ਧਾਰਮਿਕ ਸੰਵੇਦਨਸ਼ੀਲ ਮਸਲੇ ਨੂੰ ਸਮੂਹ ਸਿੱਖਾਂ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਕੇ ਫੈਸਲੇ ਹੀ ਕਰਨ।
ਇਨ੍ਹਾਂ ਸਿੱਖ ਬੁੱਧੀਜੀਵੀਆਂ ਨੇ ਮੰਗ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ੍ਹ ਨੂੰ ਅਸਲ ਦੇ ਮੁਤਾਬਿਕ ਅੱਖਰਬੱਧ (codify) ਕਰਕੇ ਅਤੇ ਇੱਕ ਪ੍ਰਮਾਣਿਤ ਬੀੜ ਤਿਆਰ ਕਰਨੀ ਚਾਹੀਦੀ ਹੈ। ਦੁਨੀਆ ਭਰ ਦੇ ਸਿੱਖਾਂ ਨੂੰ ਉਸ ਅਸਲ ਮਿਆਰੀ ਬੀੜ੍ਹ ਨੂੰ ਸਤਿਕਾਰ ਸਹਿਤ ਛਾਪਣ ਦੀ ਇਜ਼ਾਜਤ ਹੋਣੀ ਚਾਹੀਦੀ ਹੈ।
ਇਸ ਸਾਂਝੇ ਬਿਆਨ ਵਿੱਚ ਗੁਰਤੇਜ ਸਿੰਘ ਆਈ.ਏ.ਐੱਸ., ਸੁਖਦੇਵ ਸਿੰਘ ਪੱਤਰਕਾਰ, ਜਸਪਾਲ ਸਿੰਘ ਸਿੱਧੂ ਪੱਤਰਕਾਰ, ਗੁਰਬਚਨ ਸਿੰਘ ਸੰਪਾਦਕ ਦੇਸ ਪੰਜਾਬ, ਭਿੰਡਰ ਸਿੰਘ (ਜੀ.ਐੱਮ. ਉਦਯੋਗ), ਡਾ. ਕੁਲਦੀਪ ਸਿੰਘ ਸਰਜਨ ਪਟਿਆਲਾ, ਰਜਿੰਦਰ ਸਿੰਘ (ਖਾਲਸਾ ਪੰਚਾਇਤ), ਅਜੈਪਾਲ ਸਿੰਘ ਬਰਾੜ (ਲੇਖਕ), ਪ੍ਰੋਫੈਸਰ ਮਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ, ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸਿੰਘ ਸਭਾ ਸਹਿਮਤ ਹਨ।
Comments are closed.