ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ (fauja singh sarari) ਆਡੀਓ ਲੀਕ ਮਾਮਲੇ ਵਿੱਚ ਬਾਗ਼ੀ ਤੇਵਰ ਵਿਖਾ ਰਹੇ ਹਨ । ਪਾਰਟੀ ਨੇ ਉਨ੍ਹਾਂ ਨੂੰ 1 ਮਹੀਨੇ ਪਹਿਲਾਂ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਸੀ ਪਰ ਸੂਤਰਾਂ ਮੁਤਾਬਿਕ ਉਨ੍ਹਾਂ ਨੇ ਹੁਣ ਤੱਕ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ ਮੀਡੀਆ ਵਿੱਚ ਆਕੇ ਉਹ ਕਈ ਵਾਰ ਸਫਾਈ ਦੇ ਚੁੱਕੇ ਹਨ। ਦਿਵਾਲੀ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਮੰਤਰੀ ਨੂੰ ਦਿਵਾਲੀ ਮਨਾ ਲੈਣ ਦਿਓ। ਇਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਦਿਵਾਲੀ ਤੋਂ ਬਾਅਦ ਫੌਜਾ ਸਿੰਘ ਖਿਲਾਫ਼ ਪਾਰਟੀ ਵੱਡਾ ਐਕਸ਼ਨ ਲੈ ਸਕਦੀ ਹੈ । ਹਾਲਾਂਕਿ ਮੰਨਿਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ (cm Bhagwant mann) ਉਨ੍ਹਾਂ ਤੋਂ ਕਾਫ਼ੀ ਖਫ਼ਾ ਨਜ਼ਰ ਆ ਰਹੇ ਹਨ । ਪਰ ਇਸ ਦੇ ਬਾਵਜੂਦ ਪਾਰਟੀ ਫੌਜਾ ਸਿੰਘ ਸਰਾਰੀ ਦੇ ਖਿਲਾਫ ਐਕਸ਼ਨ ਨਹੀਂ ਲੈ ਪਾਰ ਰਹੀ ਹੈ ਇਸ ਦੇ ਪਿੱਛੇ ਵੱਡੀ ਵਜ੍ਹਾ ਹੈ ।
ਇਸ ਵਜ੍ਹਾ ਨਾਲ ਚੁੱਪ ਪਾਰਟੀ
ਦਰਾਸਲ ਹਿਮਾਚਲ ਅਤੇ ਗੁਜਰਾਤ ਚੋਣਾਂ ਦੀ ਵਜ੍ਹਾ ਕਰਕੇ ਆਮ ਆਦਮੀ ਪਾਰਟੀ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ਼ ਐਕਸ਼ਨ ਨਹੀਂ ਲੈ ਪਾ ਰਹੀ ਹੈ । ਪਾਰਟੀ ਨੂੰ ਉਮੀਦ ਹੈ ਕਿ ਉਹ ਗੁਜਰਾਤ ਵਿੱਚ ਬੀਜੇਪੀ ਨੂੰ ਟੱਕਰ ਦੇ ਸਕਦੀ ਹੈ ਅਤੇ ਜੇਕਰ ਪਾਰਟੀ ਨੇ ਸਰਾਰੀ ਨੂੰ ਮੰਤਰੀ ਵੱਜੋ ਹਟਾਇਆ ਤਾਂ ਵਿਰੋਧੀ ਧਿਰ ਘੇਰਾ ਪਾ ਲਏਗੀ । ਅਤੇ ਜਨਤਾ ਵਿੱਚ ਉਨ੍ਹਾਂ ਨੂੰ ਸਫਾਈ ਦੇਣੀ ਪਵੇਗੀ। ਟ੍ਰਿਬਿਊਨ ਵਿੱਚ ਛੱਪੀ ਖ਼ਬਰ ਮੁਤਾਬਿਕ ਪਾਰਟੀ ਇੰਨਾਂ ਦੋਵਾਂ ਸੂਬਿਆਂ ਵਿੱਚ ਚੋਣ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੀ ਹੈ । ਇਸ ਤੋਂ ਪਹਿਲਾਂ ਪਿਛਲੇ ਹਫਤੇ ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ ਵੱਲੋਂ ਫੌਜਾ ਸਿੰਘ ਸਰਾਰੀ ਨੂੰ ਹਟਾਉਣ ਦੇ ਲਈ ਖਟਕੜ ਕਲਾਂ ਵਿੱਚ ਵੱਡਾ ਪ੍ਰਦਰਸ਼ਨ ਵੀ ਕੀਤਾ ਗਿਆ ਸੀ । ਜਿਸ ਤੋਂ ਸਰਾਰੀ ਨੇ ਆਪਣੀ ਸਫਾਈ ਵਿੱਚ ਕਿਹਾ ਸੀ ਕਿ ਆਡੀਓ ਕਲਿੱਪ ਵਿੱਚ ਉਨ੍ਹਾਂ ਦੀਆਂ ਗੱਲਾਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਸੀ । ਤੁਹਾਨੂੰ ਦੱਸ ਦੇਇਏ ਕਿ ਇਸੇ ਮਹੀਨੇ ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਵਿਆਹ ਸਮਾਗਮ ‘ਤੇ ਜਦੋਂ ਕੇਜਰੀਵਾਲ ਸ਼ਾਮਲ ਹੋਏ ਆਏ ਸਨ ਤਾਂ ਫੌਜਾ ਸਿੰਘ ਸਰਾਰੀਆਂ ਨੇ ਉਨ੍ਹਾਂ ਦੇ ਨਜ਼ਦੀਕ ਹੋਣ ਦੀ ਕਾਫ਼ੀ ਕੋਸ਼ਿਸ਼ ਕੀਤੀ ਸੀ ।
ਕੀ ਹੈ ਆਡੀਓ ਲੀਕ ਮਾਮਲਾ
11 ਸਤੰਬਰ ਨੂੰ ਇੱਕ ਆਡੀਓ ਲੀਕ ਹੋਈ ਸੀ ਜਿਸ ਨੂੰ ਮੰਤਰੀ ਫੌਜਾ ਸਿੰਘ ਸਰਾਰੀ ਦੇ OSD ਤਰਸੇਮ ਲਾਲ ਕਪੂਰ ਨੇ ਆਪ ਲੀਕ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਕਪੂਰ ਫੌਜਾ ਸਿੰਘ ਸਰਾਰੀ ਤੋਂ ਨਰਾਜ਼ ਸੀ । ਕਿਉਂਕਿ ਮੰਤਰੀ ਸਾਹਿਬ ਨੇ ਉਸ ਦੇ ਰਿਸ਼ਤੇਦਾਰ ਦੇ ਇੱਕ ਪੁਲਿਸ ਕੇਸ ਵਿੱਚ ਮਦਦ ਨਹੀਂ ਕੀਤੀ ਸੀ । ਤਰਸੇਮ ਲਾਲ ਨੇ ਜਿਹੜਾ ਕਥਿਤ ਆਡੀਓ ਲੀਕ ਕੀਤਾ ਹੈ ਉਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਫੂਟ ਪ੍ਰੋਸੈਸਿੰਗ ਮੰਤਰੀ ਫੌਜਾ ਸਿੰਘ ਸਰਾਰੀ ਕਿਸੇ ਕਾਂਟਰੈਕਟਰ ਨੂੰ ਫਸਾ ਕੇ ਉਸ ਤੋਂ ਪੈਸਾ ਲੈਣ ਦੀ ਗੱਲ ਕਹਿ ਰਿਹਾ ਹੈ । ਹਾਲਾਂਕਿ ਸਰਾਰੀ ਨੇ ਇਸ ਆਡੀਓ ਨੂੰ ਫਰਜ਼ੀ ਦੱਸਿਆ ਹੈ । ਉਨ੍ਹਾਂ ਦਾ ਦਾਅਵਾ ਹੈ ਕਿ ਆਡੀਓ ਨੂੰ ਐਡਿਟ ਕਰਕੇ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । 1 ਮਿੰਟ 40 ਸੈਕੰਡ ਦੀ ਕਲਿੱਪ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ‘ਉਸ ਵੇਲੇ ਟਰੱਕ ਨੂੰ ਫੜਿਆ ਜਾਵੇਗਾ ਜਦੋਂ ਉਹ ਅੱਧਾ ਅਨਾਜ ਨਾਲ ਭਰ ਜਾਵੇਗਾ । ਕਥਿਤ ਆਡੀਓ ਵਿੱਚ ਇਹ ਵੀ ਸੁਣਾਈ ਦੇ ਰਿਹਾ ਹੈ ਕਿ ‘ਇਸ ਦੀ ਕਮਿਸ਼ਨ ਡਿਸਟ੍ਰਿਕ ਫੂਡ ਅਤੇ ਸਿਵਿਲ ਸਪਲਾਈ ਕੰਟਰੋਲਰ ਕੋਲ ਵੀ ਜਾਵੇਗੀ’ ।