ਮਲੋਟ ਨੇੜਲੇ ਪਿੰਡ ਅਬੁਲਖੁਰਾਣਾ ਵਿਖੇ ਬੀਤੀ ਸ਼ਾਮ ਨੂੰ ਪੁਰਾਣੀ ਰੰਜਿਸ਼ ਕਾਰਨ ਪਿਓ-ਪੁੱਤ ਦੀ ਜਾਨ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਦੋਵੇਂ ਪਿਓ-ਪੁੱਤ ਖੇਤਾਂ ’ਚ ਕੰਮ ਕਰਕੇ ਵਾਪਿਸ ਆ ਰਹੇ ਸਨ। ਇਸ ਮਾਮਲੇ ਸਬੰਧੀ ਕੋਈ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਪੁਲਿਸ ਨੇ ਮੌਕੇ ’ਤੇ ਪੁੱਜ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਅਬੁਲਖੁਰਾਣਾ ਪਿੰਡ ਦੇ ਇਕ ਵੱਡੇ ਜ਼ਿਮੀਦਾਰ ਵਿਨੈ ਪ੍ਰਤਾਪ ਸਿੰਘ ਦੀ ਪਿੰਡ ਦੇ ਹੀ ਸ਼ਰੀਕੇ ’ਚੋਂ ਜੈਲਦਾਰ ਪਰਿਵਾਰ ਨਾਲ ਪੁਰਾਣੀ ਰੰਜਿਸ਼ ਚੱਲਦੀ ਸੀ। ਕੱਲ੍ਹ ਸ਼ਾਮ ਵੇਲੇ ਜਦੋਂ ਵਿਨੇ ਪ੍ਰਤਾਪ ਸਿੰਘ ਆਪਣੇ ਪੁੱਤਰ ਸੂਰਜ ਪ੍ਰਤਾਪ ਸਿੰਘ ਨਾਲ ਆਪਣੇ ਲਾਲਬਾਈ ਰੋਡ ’ਤੇ ਖੇਤਾਂ ’ਚ ਸੀ ਤਾਂ ਦੂਜੀ ਧਿਰ ਦੇ ਵਿਅਕਤੀ ਵਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ।
ਮਲੋਟ ਦੇ DSP ਇਕਬਾਲ ਸਿੰਘ ਤੇ SHO ਵਰੁਣ ਕੁਮਾਰ ਯਾਦਵ ਮੌਕੇ ’ਤੇ ਪੁੱਜ ਗਏ ਅਤੇ ਪੁਲਿਸ ਵੱਲੋਂ ਇਸ ਸਬੰਧੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਨੇ ਪ੍ਰਤਾਪ ਸਿੰਘ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਦਾ ਭਾਣਜਾ ਸੀ।