Punjab

ਡਿਬਰੂਗੜ੍ਹ ਜੇਲ੍ਹ ਪਹੁੰਚੇ ਮਾਤਾ ਪਿਤਾ ! ਪੁੱਤ ਨਾਲ ਕੀਤੀ ਮੁਲਾਕਾਤ ! 1 ਸਾਬਕਾ ਐੱਮਪੀ ਨੇ ਵੀ ਕੀਤੀ ਮੁਲਾਕਾਤ

ਬਿਊਰੋ ਰਿਪੋਰਟ : ਤਕਰੀਬਨ 2 ਮਹੀਨੇ ਬਾਅਦ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਮਾਂ ਬਲਵਿੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ ਬਰਨਾਲਾ ਦੇ ਸਾਬਕਾ ਐੱਮਪੀ ਦੇ ਨਾਲ ਪੁੱਤਰ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਚਾਚਾ ਹਰਜੀਤ ਸਿੰਘ ਨਾਲ ਵੀ ਮੁਲਾਕਾਤ ਕੀਤੀ। ਪੁੱਤਰ ਨੂੰ ਮਿਲਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਕਿਹਾ ਜੇਲ੍ਹ ਵਿੱਚ ਪਹਿਲੀ ਮੁਲਾਕਾਤ ਸੀ । ਮਾਂ ਬਲਵਿੰਦਰ ਕੌਰ ਨੇ ਕਿਹਾ ਮੇਰਾ ਪੁੱਤਰ ਚੜ੍ਹਦੀ ਕਲਾਂ ਵਿੱਚ ਹੈ । ਸਰਕਾਰ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਹੈ। ਮਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫੌਰਨ ਰਿਹਾ ਕੀਤਾ ਜਾਵੇ। ਪਿਤਾ ਨੇ ਕਿਹਾ ਜਦੋਂ ਤੱਕ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਬੰਦ ਹੈ ਘਰ ਤੋਂ ਕੋਈ ਨਾ ਕੋਈ ਮਿਲਣ ਆਉਂਦਾ ਰਹੇਗਾ । ਮਾਤਾ-ਪਿਤਾ ਕੁਝ ਖਾਣ-ਪੀਣ ਦਾ ਸਮਾਨ ਲੈਕੇ ਆਏ ਸਨ । ਪਰ ਪ੍ਰਸ਼ਾਸਨ ਨੇ ਸਾਰਾ ਸਮਾਨ ਆਪਣੇ ਕੋਲ ਰੱਖ ਲਿਆ । ਮਾਤਾ ਪਿਤਾ ਨੇ ਕਿਹਾ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੋ ਵੀ ਸਮਾਨ ਹੈ ਉਹ ਲੈਕੇ ਆਏ ਹਨ ਉਹ ਚੈੱਕ ਕਰਕੇ ਅੰਮ੍ਰਿਤਪਾਲ ਸਿੰਘ ਤੱਕ ਪਹੁੰਚਾ ਦੇਣਗੇ । 14 ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਦਲਜੀਤ ਕਲਸੀ ਦੀ ਪਤਨੀ ਦੇ ਨਾਲ ਡਿਬਰੂਗੜ੍ਹ ਜੇਲ੍ਹ ਮਿਲਣ ਲਈ ਪਹੁੰਚੀ ਸੀ ।

ਵਕੀਲ ਜ਼ਮਾਨਤ ਦੇ ਲਈ ਦੇਣਗੇ ਅਰਜ਼ੀ

18 ਮਾਰਚ ਜਦੋਂ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ, ਉਸ ਤੋਂ ਤਕਰਬੀਨ ਇੱਕ ਮਹੀਨੇ ਬਾਅਦ 23 ਅਪ੍ਰੈਲ ਨੂੰ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਮੋਗਾ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਸੀ । ਉਸ ਤੋਂ ਬਾਅਦ ਉਨ੍ਹਾਂ ਨੂੰ ਵੀ NSA ਅਧੀਨ 9 ਹੋਰ ਸਿੱਖ ਕੈਦੀਆਂ ਦੇ ਨਾਲ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਸਪੈਸ਼ਲ ਪਲੇਨ ਦੇ ਜ਼ਰੀਏ ਲਿਜਾਇਆ ਗਿਆ ਸੀ।
ਇਸ ਤੋਂ ਪਹਿਲਾਂ ਚਾਚਾ ਹਰਪ੍ਰੀਤ ਸਿੰਘ, ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ ਨੂੰ ਵੀ ਪੁਲਿਸ ਹੋਰ ਕੈਦੀਆਂ ਦੇ ਨਾਲ ਡਿਬਰੂਗੜ੍ਹ ਜੇਲ੍ਹ ਲੈਕੇ ਆਈ ਸੀ। ਅੰਮ੍ਰਿਪਾਲ ਸਿੰਘ ਦੇ ਪਿਤਾ ਦੇ ਨਾਲ ਬਰਨਾਲਾ ਤੋਂ ਸਾਬਕਾ ਐੱਮਪੀ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਅਤੇ ਵਕੀਲ ਬ੍ਰਿਜ ਸ਼ਰਮਾ ਵੀ ਪਰਿਵਾਰ ਦੇ ਨਾਲ ਡਿਬਰੂਗੜ੍ਹ ਜੇਲ੍ਹ ਪਹੁੰਚੇ। ਵਕੀਲ ਬ੍ਰਿਜ ਸ਼ਰਮਾ ਨੇ ਕਿਹਾ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ। ਉਹ ਪੰਜਾਬ ਵਿੱਚ ਸਾਰੇ ਸਿੱਖ ਕੈਦੀਆਂ ਦੇ ਲਈ ਜ਼ਮਾਨਤ ਦੀ ਅਰਜ਼ੀ ਪਾਉਣਗੇ, ਜਿੰਨਾਂ ਉੱਤੇ NSA ਨਹੀਂ ਲੱਗਿਆ ਹੈ।

SGPC ਨੇ ਪਹਿਲਾਂ 9 ਕੈਦੀਆਂ ਨੂੰ ਮਿਲਵਾਇਆ ਸੀ

4 ਮਈ ਨੂੰ ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਦੇ ਜਥੇ ਨੇ ਅੰਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕੀਤੀ ਸੀ। ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਉਹ ਚੜ੍ਹਦੀ ਕਲਾਂ ਵਿੱਚ ਹੈ ਅਤੇ ਉਹ ਚਾਹੁੰਦਾ ਹੈ ਕਿ ਸਾਰੇ ਸਿੱਖ ਕੈਦੀਆਂ ਦੇ ਲਈ ਵੱਖ-ਵੱਖ ਵਕੀਲ ਨਾ ਕੀਤਾ ਜਾਵੇ ਬਲਕਿ ਸਾਂਝਾ ਵਕੀਲਾਂ ਦਾ ਪੈਨਲ ਤਿਆਰ ਕੀਤਾ ਹੋਵੇ। ਇਸ ਤੋਂ ਪਹਿਲਾਂ SGPC ਨੇ 9 ਹੋਰ ਪਰਿਵਾਰਾਂ ਨੂੰ ਸਿੱਖ ਕੈਦੀਆਂ ਦੇ ਨਾਲ ਮਿਲਵਾਉਣ ਦਾ ਇੰਤਜ਼ਾਮ ਕੀਤਾ ਸੀ। ਪਰਿਵਾਰਾਂ ਨੂੰ ਪਹਿਲਾਂ ਦਿੱਲੀ ਲਿਜਾਇਆ ਗਿਆ ਸੀ ਫਿਰ ਹਵਾਈ ਜਹਾਜ ਦੇ ਜ਼ਰੀਏ ਅਸਾਮ ਪਹੁੰਚਾਇਆ ਗਿਆ ਸੀ ।