The Khalas Tv Blog Punjab ਜਲੰਧਰ ’ਚ ਪਿਓ ਹੀ ਬਣਿਆ ਮਾਸੂਮ ਧੀ ਦਾ ਕਾਤਲ
Punjab

ਜਲੰਧਰ ’ਚ ਪਿਓ ਹੀ ਬਣਿਆ ਮਾਸੂਮ ਧੀ ਦਾ ਕਾਤਲ

ਮੰਗਲਵਾਰ ਦੀ ਰਾਤ ਨੂੰ ਜਲੰਧਰ ਦੇ ਦੂਰਦਰਸ਼ਨ ਐਨਕਲੇਵ ਵਿੱਚ ਇੱਕ ਦੁਖਦ ਘਟਨਾ ਵਾਪਰੀ, ਜਿੱਥੇ ਸ਼ਰਾਬੀ ਪਿਤਾ ਨੇ ਆਪਣੀ ਹੀ 5 ਸਾਲਾ ਧੀ ਨਿਹਾਰਿਕਾ ਦੀ ਹੱਤਿਆ ਕਰ ਦਿੱਤੀ। ਬੱਚੀ ਦਾ ਇੱਕੋ-ਇੱਕ ਕਸੂਰ ਇਹ ਸੀ ਕਿ ਉਹ ਲਗਾਤਾਰ ਰੋ ਰਹੀ ਸੀ। ਨਸ਼ੇ ਵਿੱਚ ਧੁੱਤ ਪਿਤਾ ਅਰਵਿੰਦਰ ਕੁਮਾਰ (ਪੁੱਤਰ ਪ੍ਰੇਮ ਪਾਲ) ਨੇ ਗੁੱਸੇ ਵਿੱਚ ਆ ਕੇ ਬੱਚੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਅਰਵਿੰਦਰ ਮੂਲ ਰੂਪ ਵਿੱਚ ਛੱਤੀਸਗੜ੍ਹ ਦਾ ਰਹਿਣ ਵਾਲਾ ਹੈ ਅਤੇ ਦੂਰਦਰਸ਼ਨ ਐਨਕਲੇਵ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਹ ਵੈਲਡਰ ਦਾ ਕੰਮ ਕਰਦਾ ਸੀ ਅਤੇ ਸ਼ਰਾਬ ਪੀਣ ਦਾ ਕਾਫ਼ੀ ਆਦੀ ਸੀ। ਉਸ ਦੇ ਦੋ ਬੱਚੇ ਸਨ—ਨਿਹਾਰਿਕਾ (5 ਸਾਲ) ਅਤੇ ਇੱਕ ਡੇਢ ਸਾਲ ਦਾ ਛੋਟਾ ਬੇਟਾ।

ਘਟਨਾ ਅਨੁਸਾਰ, ਮੰਗਲਵਾਰ ਨੂੰ ਅਰਵਿੰਦਰ ਨੇ ਕਾਫ਼ੀ ਸ਼ਰਾਬ ਪੀ ਰੱਖੀ ਸੀ। ਨਿਹਾਰਿਕਾ ਲਗਾਤਾਰ ਰੋ ਰਹੀ ਸੀ ਅਤੇ ਉਸ ਦੀ ਮਾਂ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਬੱਚੀ ਨਹੀਂ ਮੰਨ ਰਹੀ ਸੀ। ਇਸ ਗੱਲ ਤੋਂ ਖਿੱਝ ਕੇ ਅਰਵਿੰਦਰ ਨੇ ਪਹਿਲਾਂ ਆਪਣੀ ਪਤਨੀ ਨੂੰ ਗਾਲ੍ਹਾਂ ਕੱਢੀਆਂ ਅਤੇ ਫਿਰ ਬੱਚੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਪਤਨੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਵੀ ਕੁੱਟਮਾਰ ਕੀਤੀ। ਅੰਤ ਵਿੱਚ ਉਸ ਨੇ ਨਿਹਾਰਿਕਾ ਦਾ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।

ਜਿਵੇਂ ਹੀ ਕਮਰੇ ਵਿੱਚੋਂ ਬੱਚੀ ਦੀ ਮਾਂ ਦੀਆਂ ਚੀਕਾਂ ਅਤੇ ਰੋਣ ਦੀਆਂ ਆਵਾਜ਼ਾਂ ਆਈਆਂ, ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਗੁਆਂਢੀ ਹਿੰਮਤ ਕੁਮਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਸੱਤ ਦੇ ਐੱਸ.ਐੱਚ.ਓ. ਬਲਜਿੰਦਰ ਸਿੰਘ ਨੇ ਆਪਣੀ ਟੀਮ ਨਾਲ ਤੁਰੰਤ ਮੌਕੇ ’ਤੇ ਪਹੁੰਚ ਕੇ ਮੁਲਜ਼ਮ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ। ਨਸ਼ੇ ਕਾਰਨ ਅਰਵਿੰਦਰ ਆਪਣੇ ਪੈਰਾਂ ’ਤੇ ਵੀ ਨਹੀਂ ਖੜ੍ਹਾ ਹੋ ਸਕ ਰਿਹਾ ਸੀ।

ਪੁਲਿਸ ਨੇ ਬੱਚੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਅਤੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ। ਗੁਆਂਢੀ ਦੇ ਬਿਆਨਾਂ ’ਤੇ ਅਰਵਿੰਦਰ ਖਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ। ਮੁਲਜ਼ਮ ਨੂੰ ਰਿਮਾਂਡ ’ਤੇ ਲਿਆ ਗਿਆ ਹੈ।

 

 

Exit mobile version