‘ਦ ਖ਼ਾਲਸ ਬਿਊਰੋ :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਟੈਚੀ ਵਿੱਚ ਪਾ ਕੇ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਤੋਂ ਪੂਣਾ ਲੈ ਜਾਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਦੋ ਵਿਅਕਤੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਨੇ ਦੋ ਦਿਨ ਦਾ ਰਿਮਾਂਡ ‘ਤੇ ਰੱਖਿਆ ਗਿਆ ਹੈ। ਇਸ ਦੌਰਾਨ ਅਕਾਲ ਤਖ਼ਤ ਵਲੋਂ ਪਾਵਨ ਸਰੂਪ ਭੇਜਣ ਵਾਲੇ ਬਾਬਾ ਕੁਲਵੰਤ ਸਿੰਘ ਨੂੰ ਅੱਜ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਆਪਣਾ ਸਪੱਸ਼ਟੀਕਰਨ ਪੰਜ ਦਿਨਾਂ ਵਿੱਚ ਦੇਣ ਦੇ ਆਦੇਸ਼ ਦਿੱਤੇ ਹਨ।
ਪੁਲੀਸ ਨੇ ਇਸ ਮਾਮਲੇ ਵਿੱਚ ਪਿਤਾ-ਪੁੱਤਰ ਜਵਾਲਾ ਸਿੰਘ ਅਤੇ ਜਸਬੀਰ ਸਿੰਘ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਅਟੈਚੀ ਵਿੱਚ ਰੱਖਿਆ ਪਾਵਨ ਸਰੂਪ ਬਰਾਮਦ ਕੀਤਾ ਸੀ, ਜਿਸ ਨੂੰ ਉਹ ਹਵਾਈ ਜਹਾਜ ਰਾਹੀਂ ਦਿੱਲੀ ਰਸਤੇ ਪੂਣੇ ਲੈ ਕੇ ਚੱਲੇ ਸਨ। ਪੁਲੀਸ ਨੇ ਇਨ੍ਹਾਂ ਦੋਵਾਂ ਤੋਂ ਇਲਾਵਾ ਸਰੂਪ ਭੇਜਣ ਵਾਲੇ ਬਾਬਾ ਕੁਲਵੰਤ ਸਿੰਘ ਗੁਰਦੁਆਰਾ ਨਾਨਕਸਰ ਸਮਾਧ ਨੂੰ ਵੀ ਨਾਮਜ਼ਦ ਕੀਤਾ ਹੈ।