ਬਿਉਰੋ ਰਿਪੋਰਟ – ਪਠਾਨਕੋਟ ਵਿੱਚ ਇੱਕ ਪਿਓ-ਪੁੱਤਰ ਘਰ ਵਿੱਚ ਹੋਈ ਪੂਜਾ ਤੋਂ ਬਾਅਦ ਸਮਗਰੀ ਨੂੰ ਵਿਸਰਜਨ ਗਏ ਤਾਂ ਨਦੀ ਵਿੱਚ ਹੀ ਡੁੱਬ ਗਏ। ਗੋਤਾਖੋਰਾਂ ਨੇ ਪਿਤਾ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ। ਜਦਕਿ 12 ਸਾਲ ਦੇ ਪੁੱਤਰ ਦੀ ਹੁਣ ਵੀ ਤਲਾਸ਼ ਹੋ ਰਹੀ ਹੈ।
ਜਾਣਕਾਰੀ ਦੇ ਮੁਤਾਬਿਕ ਬੰਸਲ ਕਲੋਨੀ ਦੇ ਰਹਿਣ ਵਾਲੇ ਵਿਨੇ ਮਹਾਜਨ ਆਪਣੇ 12 ਸਾਲ ਦੇ ਪੁੱਤਰ ਔਜਸ ਮਹਾਜਨ ਦੇ ਨਾਲ ਪਠਾਨਕੋਟ ਦੇ ਚੱਕੀ ਦਰਿਆ ਵਿੱਚ ਪੂਜਾ ਸਮਗਰੀ ਵਹਾਉਣ ਲਈ ਗਏ ਸੀ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਵਿੱਚ ਇੱਕ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿੱਚ ਡੁੱਬ ਗਿਆ। ਇੱਕ ਦੂਜੇ ਨੂੰ ਡੁੱਬਦਾ ਵੇਖ ਦੋਵਾਂ ਨੇ ਪਾਣੀ ਵਿੱਚ ਛਾਲ ਮਾਰ ਦਿੱਤੀ। ਜਿਸ ਦੀ ਵਜ੍ਹਾ ਕਰਕੇ ਦੋਵੇਂ ਡੁੱਬ ਗਏ।
ਪਰਿਵਾਰ ਨੇ ਵੇਖਿਆ ਕਿ ਦੋਵੇ ਸ਼ਾਮ ਨੂੰ ਘਰ ਨਹੀਂ ਪਰਤੇ ਤਾਂ ਮੁਹੱਲੇ ਦੇ ਲੋਕਾਂ ਦੇ ਨਾਲ ਚੱਕੀ ਪੁੱਲ ’ਤੇ ਪਹੁੰਚੇ। ਜਿਸ ਦੇ ਬਾਅਦ ਪਰਿਵਾਰ ਨੇ ਪੁਲਿਸ ਨੂੰ NDRF ਦੀ ਟੀਮ ਨੂੰ ਇਤਲਾਹ ਕੀਤਾ। ਕਈ ਘੰਟਿਆਂ ਦੀ ਤਲਾਸ਼ ਤੋਂ ਬਾਅਦ ਪਿਤਾ ਵਿਨੇ ਮਹਾਜਨ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ। ਨਦੀ ਵਿੱਚ ਡੁੱਬੇ ਬੱਚੇ ਦਾ ਪਤਾ ਲਗਾਇਆ ਜਾ ਰਿਹਾ ਹੈ।