ਬਿਉਰੋ ਰਿਪੋਰਟ : ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਵਿੱਚ ਅਲੋਕਿਕ ਨਗਰ ਕੀਰਤਨ ਸਜਾਇਆ ਗਿਆ। 3 ਦਿਨੀ ਜੋੜ ਮੇਲ ਦੇ ਅਖੀਰਲੇ ਦਿਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੁੰਦੇ ਹੋਇਆ ਨਗਰ ਕੀਰਤਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਾਕੇ ਸਮਾਪਤ ਹੋਇਆ । ਇਸ ਮੌਕੇ ਸਾਹਿਬਜ਼ਾਦਿਆਂ ਨੂੰ ਨਮਨ ਕਰਨ ਦੇ ਲਈ ਪੰਜਾਬ ਅਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਦਾ ਹੜ੍ਹ ਪਹੁੰਚਿਆ ਸੀ।
ਨਗਰ ਕੀਰਤਨ ਤੋਂ ਪਹਿਲਾਂ ਸਵੇਰ ਵੇਲੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਇਤਿਹਾਸਿਕ ਕੱਥਾ ਕਰਕੇ ਅਰਦਾਸ ਕੀਤੀ । ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਵੀ ਮੌਜੂਦ ਸਨ। ਉਨ੍ਹਾਂ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਅਤੇ ਹੁਕਮਨਾਮੇ ਤੋਂ ਬਾਅਦ ਅਰਦਾਸ ਕੀਤੀ । ਜਥੇਦਾਰ ਸਾਹਿਬ ਵੱਲੋਂ ਸਵੇਰ 10 ਵਜੇ ਤੋਂ 10:10 ਸੰਗਤਾਂ ਨੂੰ ਮੂਲ ਮੰਤਰ ਦਾ ਪਾਠ ਕਰਨ ਦੀ ਅਪੀਲ ਕੀਤੀ ਸੀ।
ਜਥੇਦਾਰ ਸਾਹਿਬ ਦਾ ਸੰਦੇਸ਼
ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੌਮ ਦੇ ਨਾਂ ਸੁਨੇਹਾ ਦਿੰਦੇ ਹੋਏ ਕਿਹਾ ਸਿੱਖ ਕੌਮ ਦੇ ਹਰ ਪਰਿਵਾਰ,ਖਾਸ ਕਰਕੇ ਔਰਤਾਂ ਆਪਣੇ ਬੱਚਿਆਂ ਨੂੰ ਬਾਣੀ ਅਤੇ ਇਤਿਹਾਸ ਦੱਸਣ । ਉਨ੍ਹਾਂ ਨੇ ਕਿਹਾ ਛੋਟੇ ਸਾਹਿਬਜ਼ਾਾਦਿਆਂ ਨੇ ਆਪਣੇ ਸ਼ਰੀਰ ‘ਤੇ ਸਿੱਖ ਕੌਮ ਦਾ ਮਹਿਲ ਬਣਾਇਆ ਅਤੇ ਕੌਮ ਦੇ ਉੱਚੇ ਬੁਰਜ ਦੀ ਨੀਂਅ ਨੂੰ ਮਨਜ਼ੂਤ ਕੀਤਾ ਹੈ । ਸਿੰਘ ਸਾਹਿਬ ਨੇ ਕਿਹਾ ਪਾਵਨ ਧਰਤੀ ‘ਤੇ ਸਭ ਤੋਂ ਵੱਡਾ ਜ਼ੁਲਮ ਹੋਇਆ,ਇੱਥੇ ਹੀ ਸਭ ਤੋਂ ਵੱਡਾ ਧਰਮ ਛੋਟੇ ਸਾਹਿਬਜ਼ਾਦਿਆਂ ਨੇ ਕਮਾਇਆ ਹੈ । ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਧਰਮ ਬਦਲਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ । ਪਰ ਛੋਟੇ ਸਾਹਿਬਜ਼ਾਦਿਆਂ ਨੇ ਵੀ ਜੱਲਾਦਾਂ ਨੂੰ ਜਵਾਬ ਦਿੱਤਾ ਹੈ । ਜੇਕਰ ਉਹ ਖਾਨਦਾਨੀ ਜੱਲਾਦ ਹਨ ਤਾਂ ਉਹ ਵੀ ਖਾਨਖਾਨੀ ਸ਼ਹੀਦ ਹਨ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕੀਤੀ ਗਈ ।