Punjab

ਰੰਧਾਵਾ ਨੇ ਗ੍ਰਹਿ ਮੰਤਰੀ ਹੋਣ ਦਾ ਚੁੱਕਿਆ ਨਾਜਾਇਜ਼ ਫਾਇਦਾ, ਮੰਗਿਆ ਅਸਤੀਫ਼ਾ – ਕਾਂਗਰਸੀ ਆਗੂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਲੀਡਰ ਫਤਿਹਜੰਗ ਬਾਜਵਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਤਰੁਣਬੀਰ ਸਿੰਘ ਲਹਿਲ ਦੀ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ’ਤੇ ਕੀਤੀ ਗਈ ਨਿਯੁਕਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਰੰਧਾਵਾ ਦੇ ਜਵਾਈ ਦੀ ਅਰਜ਼ੀ ਰੱਦ ਹੋ ਗਈ ਸੀ ਕਿਉਂਕਿ ਉਹ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ ਪਰ ਰੰਧਾਵਾ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਬਣਦੇ ਹੀ ਜਵਾਈ ਨੂੰ ਵਧੀਕ ਏਜੀ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਹਿ ਮੰਤਰੀ ਹੋਣ ਦਾ ਨਾਜਾਇਜ਼ ਫਾਇਦਾ ਹੈ। ਫਤਿਹ ਜੰਗ ਬਾਜਵਾ ਨੇ ਰੰਧਾਵਾ ਦਾ ਨੈਤਿਕ ਆਧਾਰ ‘ਤੇ ਅਸਤੀਫਾ ਮੰਗਿਆ।

ਤੁਹਾਨੂੰ ਦੱਸ ਦਈਏ ਕਿ ਲਹਿਲ ਦੀ ਨਿਯੁਕਤੀ ‘ਤੇ ਵਿਰੋਧੀ ਧਿਰਾਂ ਵੱਲੋਂ ਸਵਾਲ ਚੁੱਕੇ ਗਏ ਹਨ। ਕੱਲ੍ਹ ਆਮ ਆਦਮੀ ਪਾਰਟੀ ਨੇ ਸਵਾਲ ਕੀਤਾ ਸੀ ਕਿ ਸਰਕਾਰ ਨੂੰ ਇਹ ਨਿਯੁਕਤੀ ਕਰਨ ਸਮੇਂ ਸੂਬੇ ਦੇ ਲੱਖਾਂ ਬੇਰੁਜ਼ਗਾਰਾਂ ਦੀ ਯਾਦ ਕਿਉਂ ਨਹੀਂ ਆਈ। ਆਮ ਆਦਮੀ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਵਿਧਾਇਕ ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਘਰ-ਘਰ ਰੁਜ਼ਗਾਰ ਦੇਣ ਦੇ ਵਾਅਦੇ ਨੂੰ ਆਪਣੇ ਮੰਤਰੀਆਂ ਤੇ ਵਿਧਾਇਕਾਂ ਲਈ ਨਿਯਮਾਂ ਵਿੱਚ ਵਿਸ਼ੇਸ਼ ਤਬਦੀਲੀਆਂ ਕਰਕੇ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਾਜ਼ਾ ਮਿਸਾਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਦੀ ਵਧੀਕ ਐਡਵੋਕੇਟ ਜਨਰਲ ਦੇ ਅਹੁਦੇ ’ਤੇ ਕੀਤੀ ਗਈ ਨਿਯੁਕਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੇ ਹਨ।