ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ 25 ਤੋਂ 27 ਦਸੰਬਰ ਤੱਕ ਫਤਹਿਗੜ੍ਹ ਸਾਹਿਬ ਵਿਖੇ ਹੋਵੇਗੀ। ਇਸ ਦੌਰਾਨ ਸ਼ਰਧਾਲੂਆਂ ਦੀ ਸੇਵਾ ਲਈ ਸੈਂਕੜੇ ਵੱਡੇ-ਛੋਟੇ ਲੰਗਰ ਲੱਗਣਗੇ ਅਤੇ ਲੰਗਰ ਕਮੇਟੀਆਂ ਨੇ ਗੁਰਦੁਆਰਾ ਪ੍ਰਬੰਧਕਾਂ ਤੋਂ ਪ੍ਰਵਾਨਗੀ ਲਈ ਅਰਜ਼ੀਆਂ ਦਿੱਤੀਆਂ ਹਨ।
ਵਾਤਾਵਰਣ ਸੰਭਾਲ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੱਡਾ ਕਦਮ ਚੁੱਕਿਆ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ‘ਤੇ ਪੂਰੀ ਪਾਬੰਦੀ ਲਗਾਈ ਜਾਵੇਗੀ, ਜੋ ਸਿਹਤ ਅਤੇ ਵਾਤਾਵਰਣ ਲਈ ਖਤਰਨਾਕ ਹੈ। ਬੋਰਡ ਲੰਗਰਾਂ ਵਿੱਚ ਚੈਕਿੰਗ ਕਰੇਗਾ ਅਤੇ ਬਦਲ ਵਜੋਂ ਰੀਸਾਈਕਲਿੰਗ ਉਦਯੋਗ ਨਾਲ ਮਿਲ ਕੇ ਵਾਤਾਵਰਣ ਅਨੁਕੂਲ ਸਮੱਗਰੀ ਮੁਹੱਈਆ ਕਰਵਾਏਗਾ।
ਇਸ ਵਿੱਚ ਲੱਕੜ ਤੇ ਸਟਰੈਚ ਦੀਆਂ ਪਲੇਟਾਂ, ਕਟੋਰੀਆਂ, ਚਮਚੇ ਅਤੇ ਕਾਗਜ਼ ਦੇ ਕੱਪ ਸ਼ਾਮਲ ਹਨ। ਬੋਰਡ ਨੇ ਲਗਭਗ 2 ਲੱਖ ਪੇਪਰ ਕੱਪ, 2 ਲੱਖ ਕਟੋਰੇ, 2 ਲੱਖ ਤੋਂ ਵੱਧ ਚਮਚੇ ਅਤੇ 50,000 ਪਲੇਟਾਂ ਦਾ ਪ੍ਰਬੰਧ ਕੀਤਾ ਹੈ। ਕਾਰਜਕਾਰੀ ਇੰਜੀਨੀਅਰ ਮੋਹਿਤ ਸਿੰਗਲਾ ਨੇ ਦੱਸਿਆ ਕਿ ਗਰਮ ਚਾਹ, ਕੌਫੀ, ਹਲਵਾ, ਖੀਰ ਵਰਗੀਆਂ ਚੀਜ਼ਾਂ ਪਰੋਸਣ ਲਈ ਪਲਾਸਟਿਕ ਦੀ ਵਰਤੋਂ ਰੋਕੀ ਜਾਵੇਗੀ।
12 ਦਸੰਬਰ ਨੂੰ ਲੰਗਰ ਕਮੇਟੀਆਂ, ਸ਼੍ਰੋਮਣੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਮੀਟਿੰਗ ਵਿੱਚ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਦੇ ਸਪੱਸ਼ਟ ਨਿਰਦੇਸ਼ ਦਿੱਤੇ ਗਏ ਸਨ। ਇਹ ਪਹਿਲਕਦਮੀ ਲੰਗਰਾਂ ਨੂੰ ਵਾਤਾਵਰਣ ਅਨੁਕੂਲ ਬਣਾਏਗੀ ਅਤੇ ਸ਼ਰਧਾਲੂਆਂ ਨੂੰ ਸਿਹਤਮੰਦ ਸੇਵਾ ਮਿਲੇਗੀ।

