Punjab

4 ਕਰੋੜ ਲਈ ਦੋਸਤ ਨਾਲ ਖੇਡੀ ਇਹ ਚਾਲ ! ਪੰਜਾਬ ਪੁਲਿਸ ਦਾ ਭਰੋਸਾ ਜਿੱਤਿਆ ! ਇੱਕ ਗਲਤ ਕਦਮ, ਖੇਡ ਖ਼ਤਮ !

ਬਿਊਰੋ ਰਿਪੋਰਟ : ਫਤਿਹਗੜ੍ਹ ਵਿੱਚ ਇੱਕ ਹੈਰਾਨ ਕਰਨ ਵਾਲਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ । ਯਕੀਨ ਮਨੋ ਇਹ ਤੁਹਾਨੂੰ ਪੂਰੀ ਤਰ੍ਹਾਂ ਨਾਲ ਹਿਲਾ ਦੇਵੇਗਾ । ਗੁਰਪ੍ਰੀਤ ਸਿੰਘ ਨੇ 4 ਕਰੋੜ ਦੀ ਇੰਸ਼ੋਰੈਂਸ ਦੇ ਲਾਲਚ ਵਿੱਚ ਆਪਣੀ ਪਤਨੀ ਅਤੇ ਹੋਰ ਸਾਥੀਆਂ ਨਾਲ ਮਿਲਕੇ ਆਪਣੇ ਦੋਸਤ ਸੁਖਜੀਤ ਦਾ ਕਤਲ ਕਰ ਦਿੱਤਾ ਅਤੇ ਪਤਨੀ ਦੇ ਜ਼ਰੀਏ ਇਸ ਨੂੰ ਆਪਣੀ ਲਾਸ਼ ਸਾਬਿਤ ਕੀਤਾ । ਸਿਰਫ਼ ਇਨ੍ਹਾਂ ਹੀ ਨਹੀਂ ਸੁਖਜੀਤ ਦੀ ਮੌਤ ਨੂੰ ਸ਼ਾਤਰਾਂ ਨੇ ਇਸ ਤਰ੍ਹਾਂ ਸਾਬਿਤ ਕੀਤਾ ਜਿਵੇਂ ਉਸ ਨੇ ਆਪ ਹੀ ਆਪਣੀ ਜਾਨ ਦੇ ਦਿੱਤੀ ਹੋਵੇ,ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਕਿਵੇਂ । ਪੁਲਿਸ ਵੀ ਸੁਖਜੀਤ ਦੀ ਮੌਤ ਨੂੰ ਹਾਦਸੇ ਦੀ ਨਜ਼ਰ ਨਾਲ ਵੇਖ ਰਹੀ ਸੀ ਪਰ ਪੁਲਿਸ ਦੇ ਹੱਥ ਲੱਗੀ ਇੱਕ ਚੀਜ਼ ਨੇ ਸਾਰਾ ਕੇਸ ਹੀ ਪਲਟ ਦਿੱਤਾ ਅਤੇ 6 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ।

ਮੋਬਾਈਲ ਦਬਿਆ ਹੋਇਆ ਮਿਲਿਆ ਤਾਂ ਪੁਲਿਸ ਨੂੰ ਸ਼ੱਕ ਹੋਇਆ

SSP ਡਾਕਟਰ ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਸਾਨੀਪੁਰ ਵਿੱਚ ਰਹਿਣ ਵਾਲੀ ਜੀਵਨਦੀਪ ਕੌਰ ਦਾ ਪਤੀ ਸੁਖਜੀਤ ਸਿੰਘ 19 ਜੂਨ ਨੂੰ ਘਰੋਂ ਸ਼ਰਾਬ ਦੇ ਠੇਕੇ ਗਿਆ ਸੀ ਇਸ ਤੋਂ ਬਾਅਦ ਉਹ ਨਹੀਂ ਪਰਤਿਆ,ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਥਾਣੇ ਵਿੱਚ ਦਰਜ ਹੋਈ,ਸ਼ੁਰੂਆਤੀ ਜਾਂਚ ਵਿੱਚ ਸੁਖਜੀਤ ਦੀ ਬਾਈਕ ਅਤੇ ਚੱਪਲ ਪਟਿਆਲਾ ਰੋਡ ਨਹਿਰ ਕਿਨਾਰੇ ਮਿਲੀ । ਪੁਲਿਸ ਨੂੰ ਲੱਗਿਆ ਕਿ ਸੁਖਜੀਤ ਨੇ ਆਪ ਆਪਣੀ ਜਾਨ ਦੇ ਦਿੱਤੀ ਹੈ। ਪਰ ਇੱਕ ਕਿਲੋਮੀਟਰ ਦੂਰ ਸੁਖਜੀਤ ਸਿੰਘ ਦਾ ਮੋਬਾਈਲ ਜ਼ਮੀਨ ਵਿੱਚ ਦਬਿਆ ਹੋਇਆ ਮਿਲਿਆ ਤਾਂ ਪੁਲਿਸ ਦਾ ਸ਼ੱਕ ਵਧਿਆ,ਇੱਥੋਂ ਪੁਲਿਸ ਨੇ ਆਪਣੀ ਜਾਂਚ ਸ਼ੁਰੂ ਕੀਤੀ ।

ਜਾਂਚ ਵਿੱਚ ਸੁਖਜੀਤ ਦੇ ਦੋਸਤ ਗੁਰਪ੍ਰੀਤ ਦਾ ਪਤਾ ਚੱਲਿਆ

DSP ਗੁਰਬੰਸ ਸਿੰਘ ਬੈਂਸ ਦੀ ਅਗਵਾਈ ਵਿੱਚ 3 ਮੈਂਬਰੀ SIT ਬਣਾਈ ਗਈ। ਜਾਂਚ ਵਿੱਚ ਸਾਹਮਣੇ ਆਇਆ ਕਿ ਸੁਖਜੀਤ ਸ਼ਰਾਬ ਪੀਣ ਦਾ ਆਦੀ ਹੈ ਪਰ ਉਹ ਅਕਸਰ ਠੇਕੇ ਤੋਂ ਸ਼ਰਾਬ ਲੈਕੇ ਆਉਂਦਾ ਸੀ ਅਤੇ ਫਿਰ ਘਰ ਪੀਂਦਾ ਸੀ । ਕੁਝ ਦਿਨਾਂ ਤੋਂ ਸੁਖਜੀਤ ਦੀ ਦੋਸਤੀ ਗੁਰਪ੍ਰੀਤ ਦੇ ਨਾਲ ਸੀ। ਗੁਰਪ੍ਰੀਤ ਆਪਣੇ ਪੈਸੇ ਨਾਲ ਸੁਖਜੀਤ ਨੂੰ ਸ਼ਰਾਬ ਪਿਲਾਉਂਦਾ ਸੀ । 19 ਜੂਨ ਨੂੰ ਗੁਰਪ੍ਰੀਤ ਆਪਣੀ ਪਤਨੀ ਖੁਸ਼ਦੀਪ ਕੌਰ,ਦੋਸਤ ਸੁਖਵਿੰਦਰ ਸਿੰਘ ਸੰਘਾ ਇਕੱਠੇ ਵੇਖੇ ਗਏ ਸਨ। ਜਾਂਚ ਅੱਗੇ ਵਧੀ ਤਾਂ ਪਤਾ ਚੱਲਿਆ ਕਿ 20 ਜੂਨ ਨੂੰ ਗੁਰਪ੍ਰੀਤ ਦੀ ਸੜਕ ਹਾਦਸੇ ਵਿੱਚ ਮੌਤ ਦਾ ਦਾਅਵਾ ਕਰਦੇ ਹੋਏ ਰਾਜਪੁਰਾ ਥਾਣੇ ਵਿੱਚ ਦੁਰਘਟਨਾ ਦਾ ਕੇਸ ਦਰਜ ਕਰਵਾਇਆ ਗਿਆ ਸੀ ।

ਗੁਰਪ੍ਰੀਤ ਦੇ ਜ਼ਿੰਦਾ ਮਿਲਣ ‘ਤੇ ਸ਼ੱਕ ਗਹਿਰਾਇਆ

ਰਾਜਪੁਰਾ ਪੁਲਿਸ ਨੂੰ ਇੱਕ ਬੁਰੀ ਹਾਲਤ ਵਿੱਚ ਲਾਸ਼ ਮਿਲੀ ਸੀ ਜਿਸ ਦੀ ਪਛਾਣ ਖੁਸ਼ਦੀਪ ਕੌਰ ਨੇ ਆਪਣੇ ਪਤੀ ਗੁਰਪ੍ਰੀਤ ਸਿੰਘ ਦੇ ਤੌਰ ‘ਤੇ ਕੀਤੀ ਸੀ । ਪੋਸਟਮਾਰਟਮ ਤੋਂ ਬਾਅਦ ਲਾਸ਼ ਦਾ ਅੰਤਿਮ ਸਸਕਾਰ ਵੀ ਕੀਤਾ ਗਿਆ । ਦਰਅਸਲ ਇਹ ਲਾਸ਼ ਸੁਖਜੀਤ ਸਿੰਘ ਦੀ ਸੀ । ਕਹਾਣੀ ਵਿੱਚ ਮੋੜ ਉਸ ਵੇਲੇ ਆਇਆ ਜਦੋਂ ਗੁਰਪ੍ਰੀਤ ਸਿੰਘ ਜ਼ਿੰਦਾ ਮਿਲਿਆ । ਫਤਿਹਗੜ੍ਹ ਸਾਹਿਬ ਪੁਲਿਸ ਨੇ ਹੂਮੈਨ ਇੰਟੈਲੀਜੈਂਸ,ਤਕਨੀਕ ਅਤੇ ਫਾਰੈਂਸਿਕ ਸਾਇੰਸ ਨਾਲ ਜਾਂਚ ਅੱਗੇ ਵਧਾਈ। ਪਤਾ ਚੱਲਿਆ ਕਿ ਗੁਰਪ੍ਰੀਤ ਸਿੰਘ ਹਲਦੀ ਰਾਮ ਐਂਡ ਕੰਪਨੀ ਦਾ ਹੋਲਸੇਲ ਵਪਾਰੀ ਸੀ ਅਤੇ ਵਾਪਾਰ ਵਿੱਚ ਉਸ ਨੂੰ ਘਾਟਾ ਹੋਇਆ ਸੀ,ਜਿਸ ਦੀ ਵਜ੍ਹਾ ਕਰਕੇ ਉਹ ਕੁਝ ਮਹੀਨਿਆਂ ਤੋਂ ਪਲਾਨਿੰਗ ਬਣਾ ਰਿਹਾ ਸੀ ।

ਜਾਂਚ ਵਿੱਚ 4 ਕਰੋੜ ਦੀ ਇੰਸ਼ੋਰੈਂਸ ਦੀ ਗੱਲ ਸਾਹਮਣੇ ਆਈ

ਗੁਰਪ੍ਰੀਤ ਦਾ ਦੋਸਤ ਰਾਜੇਸ਼ ਕੁਮਾਰ ਸ਼ਰਮਾ ਫਤਿਹਗੜ੍ਹ ਸਾਹਿਬ ਕਚਹਿਰੀ ਵਿੱਚ ਫੋਟੋ ਸਟੇਟ ਦਾ ਕੰਮ ਕਰਦਾ ਸੀ ਇਸ ਦੇ ਨਾਲ ਉਹ ਗੈਰ ਕਾਨੂੰਨੀ ਤੌਰ ‘ਤੇ ਬੀਮੇ ਦੀ ਪਾਲਿਸੀ ਵੀ ਬਣਾਉਂਦਾ ਸੀ । ਗੁਰਪ੍ਰੀਤ ਨੇ ਰਾਜੇਸ਼ ਸ਼ਰਮਾ ਨਾਲ ਗੱਲ ਕੀਤੀ,ਰਾਜੇਸ਼ ਨੇ ਗੁਰਪ੍ਰੀਤ ਦੀ 4 ਕਰੋੜ ਦੀ ਐਕਸੀਡੈਂਟਲ ਪਾਲਿਸੀ ਤਿਆਰ ਕੀਤੀ । ਰਾਜੇਸ਼ ਨੇ ਦੱਸਿਆ ਡੈਥ ਸਰਟੀਫਿਕੇਟ ਅਤੇ ਪੋਸਟਮਾਰਟਮ ਰਿਪੋਰਟ ਦੇ ਅਧਾਰ ‘ਤੇ ਪੂਰੀ ਰਕਮ ਵਾਰਿਸ ਨੂੰ ਮਿਲੇਗੀ। ਇਸ ਤੋਂ ਬਾਅਦ ਸੁਖਜੀਤ ਦੇ ਕਤਲ ਦੀ ਪਲਾਨਿੰਗ ਸ਼ੁਰੂ ਹੋਈ । ਗੁਰਪ੍ਰੀਤ ਦੇ ਕਤਲ ਦੇ ਕੇਸ ਵਿੱਚ ਉਸ ਦੀ ਪਤਨੀ ਖੁਸ਼ਦੀਪ ਕੌਰ,ਸੁਖਵਿੰਦਰ ਸਿੰਘ ਸੰਘਾ,ਜਸਪਾਲ ਸਿੰਘ,ਦਿਨੇਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕੀਤਾ ਹੈ ।

ਇਸ ਤਰ੍ਹਾਂ ਹੋਣਾ ਸੀ ਇੰਸ਼ੋਰੈਂਸ ਦੇ ਪੈਸੇ ਦਾ ਬਟਵਾਰਾ

ਗੁਰਪ੍ਰੀਤ ਆਪਣੇ ਸਾਥੀਆਂ ਦੇ ਨਾਲ 10 ਮਹੀਨੇ ਤੋਂ ਕਤਲ ਦੀ ਪਲਾਨਿੰਗ ਕਰ ਰਿਹਾ ਸੀ । ਬੀਮੇ ਦੇ 4 ਕਰੋੜ ਰੁਪਏ ਮੁਲਜ਼ਮਾਂ ਨੇ ਆਪਸ ਵਿੱਚ ਵੰਡਣੇ ਸਨ । 2 ਕਰੋੜ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਖੁਸ਼ਦੀਪ ਕੌਰ ਨੇ ਰੱਖਣੇ ਸਨ । 2 ਕਰੋੜ ਰੁਪਏ ਸੁਖਵਿੰਦਰ ਸਿੰਘ ਸੰਘਾ ਨੇ ਲੈਣੇ ਸਨ । ਸੰਘਾ ਦੇ 2 ਕਰੋੜ ਰੁਪਏ ਵਿੱਚੋਂ 20 ਲੱਖ ਰਾਜੇਸ਼ ਕੁਮਾਰ,10 ਲੱਖ ਦਿਨੇਸ਼ ਕੁਮਾਰ ਅਤੇ 20 ਲੱਖ ਜਸਪਾਲ ਸਿੰਘ ਨੂੰ ਦੇਣੇ ਸਨ ।

ਸੁਖਜੀਤ ਨੇ ਪਹਿਲਾਂ 2 ਹੋਰ ਨੂੰ ਟਾਰਗੇਟ ਕਰਨਾ ਸੀ

ਸੁਖਜੀਤ ਸਿੰਘ ਨੇ ਕਤਲ ਤੋਂ ਪਹਿਲਾਂ 2 ਹਰ ਲੋਕਾਂ ਨੂੰ ਟਾਰਗੇਟ ਕਰਨਾ ਸੀ । ਗੁਰਪ੍ਰੀਤ ਸਿੰਘ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਮੋਹਾਲੀ ਦੇ ਕਪਿਲ ਅਤੇ ਪਟਿਆਲਾ ਦੇ ਕਮਲਦੀਪ ਨੂੰ ਚੁਣਿਆ ਸੀ ਪਰ ਕਪਿਲ ਦੀ ਬਾਂਹ ‘ਤੇ ਟੈਟੂ ਸੀ ਇਸ ਲਈ ਉਸ ਨੂੰ ਗੁਰਪ੍ਰੀਤ ਆਪਣੇ ਵਰਗਾ ਨਹੀਂ ਵਿਖਾ ਸਕਦਾ ਸੀ ਜਦਕਿ ਪਟਿਆਲਾ ਦਾ ਕਮਲਦੀਪ ਉਸ ਵਰਗਾ ਨਜ਼ਰ ਨਹੀਂ ਆਉਂਦਾ ਸੀ ਇਸੇ ਲ਼ਈ ਸੁਖਜੀਤ ਨੂੰ ਆਪਣੇ ਸ਼ਿਕਾਰ ਦੇ ਰੂਪ ਵਿੱਚ ਵੇਖਿਆ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ ।