Punjab

ਪੰਜਾਬ ਦੀ ਯੂਨੀਵਰਸਿਟੀ ‘ਚ ਵਿਦਿਆਰਥਣਾਂ ਨਾਲ ਵੱਡਾ ਧੋਖਾ !

ਬਿਉਰੋ ਰਿਪੋਰਟ : ਫਤਿਹਗੜ੍ਹ ਸਾਹਿਬ ਦੇ ਅਮਲੋਹ ਦੀ ਦੇਸ਼ ਭਗਤ ਯੂਨੀਵਰਸਿਟੀ ਵਿੱਚ ਹਾਲਾਤ ਬੇਕਾਬੂ ਹੋ ਗਏ। ਨਰਸਿੰਗ ਦੀਆਂ ਵਿਦਿਆਰਥਣਾਂ ਅਤੇ ਪੰਜਾਬ ਪੁਲਿਸ ਦੇ ਵਿਚਾਲੇ ਤਿੱਖੀ ਝੜਪ ਹੋਈ । ਜ਼ਿਆਦਾਤਰ ਵਿਦਿਆਰਥਣਾਂ ਬੁਰਕੇ ਵਿੱਚ ਸਨ,ਪੁਲਿਸ ਵੱਲੋਂ ਉਨ੍ਹਾਂ ਨੂੰ ਕੰਟਰੋਲ ਕਰਨ ਦੇ ਲਈ ਲਾਠੀਚਾਰਜ ਵੀ ਕੀਤੀ ਗਿਆ । ਵਿਦਿਆਰਥਣਾਂ ਨੇ ਵੀ ਪੁਲਿਸ ਨਾਲ ਤਗੜਾ ਮੁਕਾਬਲਾ ਕੀਤਾ। ਪ੍ਰਦਰਸ਼ਨ ਕਰ ਰਹੀਆਂ ਕੁੜੀਆਂ ਦਾ ਇਲਜ਼ਾਮ ਸੀ ਕਿ ਕਾਲਜ ਨੇ ਸਾਡੇ ਨਾਲ ਧੋਖਾ ਕੀਤਾ ਹੈ ਅਸੀਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਸੀ ਪਰ ਕੋਈ ਸੁਣਨ ਵਾਲਾ ਤਿਆਰ ਨਹੀਂ ਹੈ । ਵਿਦਿਆਰਥਣਾਂ ਦਾ ਇਲਜ਼ਾਮ ਸੀ ਕਿ ਪੁਲਿਸ ਯੂਨੀਵਰਸਿਟੀ ਦਾ ਸਾਥ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਪ੍ਰਦਰਸਨ ਕਰਨ ਤੋਂ ਰੋਕਣ ਦੇ ਲਈ ਫਤਿਹਗੜ੍ਹ ਅਤੇ ਪਟਿਆਲਾ 2 ਜ਼ਿਲ੍ਹਿਆਂ ਦੀ ਪੁਲਿਸ ਲਗਾਈ ਗਈ ਸੀ ।

ਦੱਸਿਆ ਜਾ ਰਿਹਾ ਕਿ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦੇ ਸਕੱਤਰੇਤ ਦੇ ਬਾਹਰ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਧਰਨਾ ਦਿੱਤਾ ਸੀ । ਪੁਲਿਸ ਨੇ ਜਦੋਂ ਉਨ੍ਹਾਂ ਨੂੰ ਹਟਾਉਣ ਦੇ ਲਈ ਆਈ ਤਾਂ ਉਨ੍ਹਾਂ ਨੇ ਭੰਨ-ਤੋੜ ਵੀ ਕੀਤੀ । ਪੁਲਿਸ ਨੇ ਜਵਾਬ ਵਿੱਚ ਲਾਠੀਚਾਰਜ ਕੀਤਾ ਅਤੇ ਵਿਦਿਆਰਥਣਾਂ ਵੱਲੋਂ ਪਥਰਾਅ ਵੀ ਕੀਤਾ ਗਿਆ ।

ਕੋਰਸ ਪੂਰਾ ਹੋਣ ‘ਤੇ ਨਹੀਂ ਦਿੱਤੀ ਸੀ ਡਿਗਰੀ

ਦੇਸ਼ ਭਗਤ ਯੂਨੀਵਰਸਿਟੀ ਵਿੱਚ ਨਰਸਿੰਗ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਯੂਨੀਵਰਸਿਟੀ ਦੇ ਕੋਲ ਇੰਡੀਅਨ ਨਰਸਿੰਗ ਕੌਂਸਲ ਦੀ ਮਾਨਤਾ ਨਹੀਂ ਹੈ । ਸਿਰਫ ਪੰਜਾਬ ਨਰਸਿੰਗ ਕੌਂਸਿਲ ਦੀ ਮਾਨਤਾ ਦੀਆਂ 60 ਸੀਟਾਂ ਸਨ । ਦਾਖਲਾ ਡੇਢ ਸੌ ਤੋਂ ਜ਼ਿਆਦਾ ਸੀ । ਹੁਣ ਜਦੋਂ ਕੋਰਸ ਪੂਰਾ ਹੋ ਗਿਆ ਤਾਂ ਡਿਗਰੀ ਨਹੀਂ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਦਾ ਭਵਿੱਖ ਦਾਅ ‘ਤੇ ਲੱਗ ਗਿਆ ਹੈ।

ਫਤਿਹਗੜ੍ਹ ਦੇ ਐੱਸਪੀ ਰਾਕੇਸ਼ ਯਾਦਵ ਨੇ ਕਿਹਾ ਅਸੀਂ ਵਿਦਿਆਰਥੀਆਂ ਨੂੰ ਸਮਝਾ ਰਹੇ ਹਾਂ ਮੈਨੇਜਮੈਂਟ ਦੇ ਨਾਲ ਵੀ ਗੱਲਬਾਤ ਜਾਰੀ ਹੈ ਕੋਸ਼ਿਸ਼ ਹੈ ਕਿ ਜਲਦ ਇਸ ਮਸਲੇ ਦਾ ਹੱਲ ਕੱਢਿਆ ਜਾਵੇ। ਜਿਹੜੀਆਂ ਕੁੜੀਆਂ ਪ੍ਰਦਰਸ਼ਨ ਕਰ ਰਹੀਆਂ ਹਨ ਉਹ ਜ਼ਿਆਦਾਤਰ ਦੱਖਣੀ ਭਾਰਤ ਦੇ ਸੂਬੇ ਦੀਆਂ ਲੱਗ ਰਹੀਆਂ ਸਨ,ਉਨ੍ਹਾਂ ਨੇ ਬੁਰਕੇ ਪਾਇਆ ਹੋਇਆ ਸੀ।