ਬਿਉਰੋ ਰਿਪੋਰਟ : ਫਤਿਹਗੜ੍ਹ ਚੂੜੀਆਂ ਦੇ ਪਿੰਡ ਖਹਿਰਾ ਕਲਾਂ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿੱਚ ਮੌਤ ਹੋ ਗਈ ਹੈ । ਪਿੰਡ ਦੇ ਸਰਪੰਚ ਹਕੂਮਤ ਰਾਏ ਅਤੇ ਉਸ ਦੇ ਚਾਚੇ ਦੇ ਭਰਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਖਹਿਰਾ ਦੇ ਗੁਰਮੀਤ ਸਿੰਘ ਦਾ ਪੁੱਤਰ ਜੋਬਨ ਸਿੰਘ ਫਰਵਰੀ 2019 ਨੂੰ ਨਿਊਜ਼ੀਲੈਂਡ ਦੇ ਆਕਲੈਂਡ ਗਿਆ ਸੀ ।
ਅਖੀਰਲੀਵਾਰ 8 ਅਕਤੂਬਰ ਨੂੰ ਜੋਬਨ ਸਿੰਘ ਨਾਲ ਗੱਲਬਾਤ ਹੋਈ ਸੀ । ਇਸ ਦੇ ਬਾਅਦ ਜੋਬਨ ਸਿੰਘ ਦਾ ਫੋਨ ਅਤੇ ਇੰਟਰਨੈੱਟ ਬੰਦ ਹੋ ਗਿਆ । ਉਸ ਦੇ ਬਾਅਦ ਪਰਿਵਾਰ ਨੇ ਜੋਬਨ ਦੇ ਨਾਲ ਗੱਲ ਨਹੀਂ ਕੀਤੀ । ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ । SSP ਬਟਾਲਾ ਦੇ ਦਫਤਰ ਨੂੰ ਨਿਊਜ਼ੀਲੈਂਡ ਤੋਂ ਮੇਲ ਮਿਲਿਆ ਕਿ ਪਿੰਡ ਖਹਿਰਾ ਕਲਾਂ ਦੇ ਨੌਜਵਾਨ ਜੋਬਨ ਸਿੰਘ ਦੀ 13 ਅਕਤੂਬਰ ਨੂੰ ਮੌਤ ਹੋ ਗਈ ਹੈ ।
ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ
ਪਿੰਡ ਦੇ ਸਰਪੰਚ ਹਕੁਮਤ ਰਾਇ ਨੂੰ ਪੁਲਿਸ ਸਟੇਸ਼ਨ ਤੋਂ ਫੋਨ ਆਇਆ ਕਿ ਪਿੰਡ ਦੇ ਜੋਬਨ ਸਿੰਘ ਦੀ ਨਿਊਜ਼ੀਲੈਂਡ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ । ਜੋਬਨ ਸਿੰਘ ਦੀ ਮੌਤ ਦੀ ਖ਼ਬਰ ਸੁਣਕੇ ਪਰਿਵਾਰ ਅਤੇ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ । ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਆਖਿਰ ਪੁੱਤਰ ਨੂੰ ਹੋਇਆ ਕੀ ਸੀ ? ਕੀ ਉਸ ਦਾ ਕਤਲ ਕੀਤਾ ਗਿਆ ਜਾਂ ਫਿਰ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਿਆ ? ਪਰਿਵਾਰ ਸੋਚ ਸੋਚ ਕੇ ਪਰੇਸ਼ਾਨ ਹੈ । ਜੋਬਨ ਦੇ ਪਰਿਵਾਰ ਵਾਲੇ ਆਪਣੇ ਪੁੱਤ ਨੂੰ ਅਖੀਰਲੀ ਵਾਰ ਵੇਖਣਾ ਚਾਹੁੰਦੇ ਹਨ ਇਸੇ ਲਈ ਉਨ੍ਹਾਂ ਨੇ ਸਰਕਾਰ ਨੂੰ ਮਦਦ ਦੀ ਅਪੀਲ ਕਰਦੇ ਹੋਏ ਮ੍ਰਿਤਕ ਦੀ ਦੇਹ ਭਾਰਤ ਲਿਆਉਣ ਦੀ ਮੰਗ ਕੀਤੀ ਹੈ।