ਮਾਨਸਾ : ਬਾਜ਼ਾਰ ਵਿੱਚ ਲੋਕਾਂ ਨੂੰ 50-60 ਰੁਪਏ ਕਿੱਲੋ ਮਿਲਣ ਵਾਲੀ ਸ਼ਿਮਲਾ ਮਿਰਚ ਕਿਸਾਨਾਂ ਤੋਂ ਕੌਡੀਆਂ ਦੇ ਰੁਪਏ ਭਾਅ ਨਾਲ ਖਰੀਦੀ ਜਾ ਰਹੀ ਹੈ। ਘੱਟ ਭਾਅ ਕਾਰਨ ਕਿਸਾਨ ਦੋ ਤੋਂ ਲੈ ਕੇ ਚਾਰ ਰੁਪਏ ਕਿੱਲੋ ਸ਼ਿਮਲਾ ਮਿਰਚ ਵੇਚਣ ਨੂੰ ਮਜ਼ਬੂਰ ਹਨ। ਹਾਲਤ ਇਹ ਹੈ ਕਿ ਕਿਸਾਨਾਂ ਦੇ ਖ਼ਰਚੇ ਵੀ ਪੂਰੇ ਨਹੀਂ ਹੋ ਰਹੇ। ਇੰਨਾ ਨਹੀਂ ਪਿਛਲੇ ਸਾਲ ਨਾਲੋਂ ਇਸ ਵਾਰ ਖਰਬੂਜਾ ਵੀ ਅੱਧ ਤੋਂ ਵੀ ਘੱਟ ਰੇਟ ਵਿੱਚ ਵਿਕ ਰਿਹਾ ਹੈ।
ਪਿੰਡ ਭੈਣੀ ਭਾਘਾ ਵਿਖੇ ਵੱਡੇ ਪੱਧਰ ਉੱਤੇ ਸ਼ਿਮਲਾ ਮਿਰਚ ਦੀ ਖੇਤੀ ਹੁੰਦੀ ਹੈ। ਪਿੰਡ ਵਿਖੇ ਸ਼ਿਮਲਾ ਮਿਰਚ ਦੇ ਕਾਸ਼ਤਕਾਰ ਕਿਸਾਨ ਜਗਦੇਵ ਸਿੰਘ ਨੇ ਦੱਸ਼ਿਆ ਕਿ ਇਸ ਵਾਰ ਵਪਾਰੀ ਦੋ ਤੋਂ ਲੈ ਕੇ ਤਿੰਨ ਰੁਪਏ ਕਿੱਲੋ ਨੂੰ ਸ਼ਿਮਲਾ ਮਿਰਚ ਖਰੀਦ ਰਹੇ ਹਨ ਜਦਕਿ ਪਿਛਲੇ ਸਾਲ ਇਹ 20 ਰੁਪਏ ਕਿੱਲੋ ਦਾ ਰੇਟ ਸੀ। ਹਾਲਤ ਇਹ ਹੈ ਕਿ ਉਨ੍ਹਾਂ ਨੂੰ ਖ਼ਰਚੇ ਵੀ ਪੱਲੋਂ ਹੀ ਪੈ ਰਹੇ ਹਨ।
ਦੂਜੇ ਪਾਸੇ ਇੱਕ ਹੋਰ ਕਾਸ਼ਤਕਾਰ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਦੇ ਫਸਲੀ ਭਵਿੰਨਤਾ ਦੇ ਨਾਅਰੇ ਸਦਕਾ ਉਨ੍ਹਾਂ ਨੇ ਕਣਕ-ਝੋਨੇ ਦਾ ਖੇੜਾ ਛਡਿਆ ਸੀ। ਪਰ ਸਬਜ਼ੀਆਂ ਦੀ ਖੇਤੀ ਨੇ ਉਨ੍ਹਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਖਰਚੇ ਵੀ ਪੂਰੇ ਨਾ ਹੋਣ ਕਾਰ ਉਹ ਇਸਨੂੰ ਸੜਕਾਂ ਤੇ ਸੁਟਣ ਲਈ ਮਜ਼ਬੂਰ ਹਨ।
ਜਗਦੇਵ ਸਿੰਘ ਨੇ ਕਿਹਾ ਕਿ ਖਰਬੂਜੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੀ ਘਾਟਾ ਪੈ ਰਿਹਾ ਹੈ। ਪਿਛਲੇ ਸਾਲ 40 ਰੁਪਏ ਕਿੱਲੋ ਤੱਕ ਵਿਕਣ ਵਾਲੇ ਖਰਬੂਜ਼ਾ ਤੈਤਕੀਂ 15 ਰੁਪਏ ਨੂੰ ਵੀ ਕੋਈ ਪੁੱਛ ਨਹੀਂ ਰਿਹਾ ਹੈ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਣਕ ਝੋਨੇ ਵਾਂਗ ਸਬਜ਼ੀਆਂ ਦਾ ਵੀ ਮੰਡੀਕਰਨ ਹੋਵੇ। ਸਬਜੀਆਂ ਦੀ ਐਮਐਸਪੀ ਤੈਅ ਕਰਕੇ ਸਰਕਾਰੀ ਖਰੀਦ ਹੋਣੀ ਚਾਹੀਦੀ ਹੈ।
ਕਿਸਾਨ ਆਗੂ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਸਰਕਾਰ ਨੂੰ ਸਬਜ਼ੀ ਕਾਸ਼ਤਕਾਰਾਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਸਬਜ਼ੀਆਂ ਲਈ ਮੰਡੀਕਰਨ ਦੀ ਯੋਗ ਵਿਵਸਥਾ ਦੇ ਨਾਲ ਉਨ੍ਹਾਂ ਸਬਸਿਡੀ ਮਿਲਣੀ ਚਾਹੀਦੀ ਹੈ। ਤਾਂਕਿ ਉਹ ਖੇਤੀ ਘਾਟੇ ਵਿੱਚ ਨਾ ਜਾਵੇ। ਜੇ ਸਰਕਾਰ ਧਿਆਨ ਨਹੀਂ ਦੇਵੇਗੀ ਤਾਂ ਅਗਲੇ ਸਾਲ ਮੁੜ ਸਬਜ਼ੀਆਂ ਦੀ ਖੇਤੀ ਛੱਡ ਕੇ ਝੋਨਾ-ਕਣਕ ਦੀ ਖੇਤੀ ਹੀ ਕਰਨਗੇ।