Khetibadi Punjab

ਮੋਟਰਾਂ ‘ਤੇ ਬਿਜਲੀ ਸਬਸਿਡੀ ਲੈਣ ‘ਚ ਧਨਾਢ ਕਿਸਾਨ ਮੋਹਰੀ, ਛੋਟੇ ਕਿਸਾਨ ਮਹਿੰਗਾ ਡੀਜ਼ਲ ਫੂਕ ਕੇ ਪਾਲ ਰਹੇ ਫ਼ਸਲ

tubewell connections, electricity subsidy, Punjab, agricultural, ਬਿਜਲੀ ਸਬਸਿਡੀ, ਮੋਟਰ ਕੁਨੈਕਸ਼ਨ, ਪੰਜਾਬ ਸਰਕਾਰ, ਬਿਜਲੀ

ਚੰਡੀਗੜ੍ਹ : ਛੋਟੀ ਕਿਸਾਨੀ ਨੂੰ ਖੇਤੀ ਵਿੱਚ ਹਰ ਪਾਸੇ ਤੋਂ ਮਾਰ ਝੱਲਣੀ ਪੈਂਦੀ ਹੈ। ਜੇਕਰ ਮੋਟਰਾਂ ਦੀ ਬਿਜਲੀ ਸਬਸਿਡੀ ਦੀ ਗੱਲ ਕਰੀਏ ਤਾਂ ਇਸ ਦਾ ਫਾਇਦਾ ਵੀ ਧਨਾਢ ਕਿਸਾਨ ਹੀ ਚੁੱਕ ਰਹੇ ਹਨ, ਜਦਕਿ ਮੋਟਰ ਕੁਨੈਕਸ਼ਨਾਂ ਤੋਂ ਵਾਂਝੇ ਛੋਟੇ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਫੂਕ ਕੇ ਫ਼ਸਲ ਪਾਲਣੀ ਪੈ ਰਹੀ ਹੈ। ਇਸ ਮਾਮਲੇ ਵਿੱਚ ਤਾਜ਼ਾ ਆਂਕੜੇ ਤੁਹਾਡੀਆਂ ਅੱਖਾਂ ਖੋਲ੍ਹ ਦੇਣਗੇ।

ਪੰਜਾਬ ਵਿੱਚ ਇੱਕ ਪਾਸੇ ਤਾਂ ਖੇਤੀ ਮੋਟਰਾਂ ਵਾਲੇ ਕਿਸਾਨਾਂ ਨੂੰ ਔਸਤਨ ਪ੍ਰਤੀ ਕੁਨੈਕਸ਼ਨ 53,984 ਰੁਪਏ ਸਾਲਾਨਾ ਬਿਜਲੀ ਸਬਸਿਡੀ ਮਿਲ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮੋਟਰ ਕੁਨੈਕਸ਼ਨ ਤੋਂ ਵਿਹੂਣੇ ਕਿਸਾਨ ਸਬਸਿਡੀ ਤੋਂ ਹੀ ਵਾਂਝੇ ਹਨ। ਬਿਜਲੀ ਸਬਸਿਡੀ ਦੀ ਕਾਣੀ ਵੰਡ ਕਾਰਨ ਇਹ ਕਿਸਾਨ ਠੱਗੇ ਮਹਿਸੂਸ ਕਰ ਰਹੇ ਹਨ।

 ਬਰਨਾਲਾ ਮੋਹਰੀ, ਪਛੜਿਆ ਮੁਕਤਸਰ

ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਕਈ ਕਿਸਾਨਾਂ ਨੂੰ ਮੋਟਰਾਂ ਉੱਤੇ ਮਿਲਣ ਵਾਲੀ ਬਿਜਲੀ ਸਬਸਿਡੀ ਵਿੱਚ ਕਈ ਜ਼ਿਲਿਆਂ ਨੂੰ ਗੱਫੇ ਮਿਲ ਰਹੇ ਹਨ, ਜਦਕਿ ਕਈਆਂ ਵਿੱਚ ਔਸਤਨ ਸਬਸਿਡੀ ਘੱਟ ਮਿਲ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਵਿੱਚ ਬਰਨਾਲਾ ਜ਼ਿਲਾ ਅੱਵਲ ਹੈ, ਇੱਥੇ ਔਸਤਨ ਕਿਸਾਨਾਂ ਨੂੰ ਔਸਤਨ 89,556 ਰੁਪਏ ਸਾਲਾਨਾ ਪ੍ਰਤੀ ਕੁਨੈਕਸ਼ਨ ਬਿਜਲੀ ਸਬਸਿਡੀ ਮਿਲਦੀ ਹੈ। ਦੂਜੇ ਪਾਸੇ ਮੁਕਤਸਰ ਦੇ ਕਿਸਾਨ ਸਭ ਤੋਂ ਪਿੱਛੇ ਹਨ, ਇੱਥੇ ਪ੍ਰਤੀ ਕੁਨੈਕਸ਼ਨ ਔਸਤਨ 21,324 ਰੁਪਏ ਸਾਲਾਨਾ ਬਿਜਲੀ ਸਬਸਿਡੀ ਮਿਲ ਰਹੀ ਹੈ।

ਔਸਤਨ ਸਬਸਿਡੀ ਦਾ ਵੀ ਜ਼ਿਲ੍ਹੇਵਾਰ ਵੱਡਾ ਪਾੜਾ

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਸਬਸਿਡੀ ਲੈਣ ਵਿੱਚ ਪੰਜਾਬ ਭਰ ਵਿੱਚੋਂ ਬਰਨਾਲਾ ਜ਼ਿਲਾ ਸਭ ਤੋਂ ਅੱਗੇ ਹੈ। ਵੇਰਵਿਆਂ ਮੁਤਾਬਕ ਬਰਨਾਲਾ ਵਿੱਚ 47,068 ਮੋਟਰ ਕੁਨੈਕਸ਼ਨ ਹਨ ਅਤੇ ਔਸਤਨ ਪ੍ਰਤੀ ਕੁਨੈਕਸ਼ਨ ਸਾਲਾਨਾ 89,556 ਰੁਪਏ ਬਿਜਲੀ ਸਬਸਿਡੀ ਮਿਲ ਰਹੀ ਹੈ। ਦੂਜੇ ਨੰਬਰ ’ਤੇ ਸੰਗਰੂਰ ਵਿੱਚ ਕੁੱਲ 1,14,374 ਮੋਟਰ ਕੁਨੈਕਸ਼ਨ ਅਤੇ ਪ੍ਰਤੀ ਕੁਨੈਕਸ਼ਨ ਔਸਤਨ 84,428 ਰੁਪਏ ਸਾਲਾਨਾ ਬਿਜਲੀ ਸਬਸਿਡੀ ਮਿਲ ਰਹੀ ਹੈ।  ਤੀਜੇ ਨੰਬਰ ’ਤੇ ਪਟਿਆਲਾ ਜ਼ਿਲ੍ਹੇ ਵਿੱਚ 89,430 ਮੋਟਰ ਕੁਨੈਕਸ਼ਨ ਹਨ ਅਤੇ ਔਸਤਨ ਪ੍ਰਤੀ ਕੁਨੈਕਸ਼ਨ ਸਾਲਾਨਾ ਸਬਸਿਡੀ 78,470 ਰੁਪਏ ਦਿੱਤੀ ਜਾ ਰਹੀ ਹੈ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 72,535 ਮੋਟਰ ਕੁਨੈਕਸ਼ਨ ਹਨ, ਜਿਨ੍ਹਾਂ ਨੂੰ ਪ੍ਰਤੀ ਕੁਨੈਕਸ਼ਨ ਸਾਲਾਨਾ 21,324 ਰੁਪਏ ਸਬਸਿਡੀ ਮਿਲ ਰਹੀ ਹੈ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ’ਚ 29,183 ਰੁਪਏ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 40,415 ਰੁਪਏ ਸਬਸਿਡੀ ਮਿਲ ਰਹੀ ਹੈ।

ਹਰ ਕਿਸਾਨ ਨੂੰ ਸਬਸਿਡੀ ਦੇਣ ਦੀ ਮੰਗ

ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਖੇਤੀ ਮੋਟਰਾਂ ਉੱਤੇ ਮਿਲਣ ਵਾਲੀ ਸਬਸਿਡੀ ਦਾ ਲਾਭ ਫ਼ਸਲਾਂ ਉੱਤੇ ਮਿਲਣ ਵਾਲੀ ਐਮਐੱਸਪੀ ਵਾਂਗ ਹਰ ਕਿਸਾਨ ਨੂੰ ਮਿਲਣਾ ਚਾਹੀਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵੱਡੇ ਪਾੜੇ ਨੂੰ ਨਵੀਂ ਖੇਤੀ ਨੀਤੀ ਵਿੱਚ ਦੂਰ ਕੀਤਾ ਜਾ ਸਕਦਾ ਹੈ। ਇਸ ਨੀਤੀ ਵਿੱਚ ਇਹ ਸਬਸਿਡੀ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਆ ਸਕਦੀ ਹੈ।

1,14,905 ਕਰੋੜ ਰੁਪਏ ਦੀ ਮਿਲ ਚੁੱਕੀ ਸਬਸਿਡੀ

ਸੂਬੇ ਵਿੱਚ ਸੱਤ ਏਕੜ ਪਿੱਛੇ ਇੱਕ ਮੋਟਰ ਕੁਨੈਕਸ਼ਨ ਨੂੰ ਮੰਨਣ ‘ਤੇ ਇਹ ਗੱਲ ਸਾਫ ਹੈ ਕਿ ਇੱਕ ਕਿਸਾਨ ਨੂੰ ਸਾਲਾਨਾ 7685 ਰੁਪਏ ਬਿਜਲੀ ਸਬਸਿਡੀ ਮਿਲ ਰਹੀ ਹੈ। ਇਸ ਵੇਲੇ ਖੇਤੀ ਮੋਟਰਾਂ ਵਾਲੀ ਬਿਜਲੀ ਦਾ ਟੈਰਿਫ ਪ੍ਰਤੀ ਯੂਨਿਟ 5.66 ਰੁਪਏ ਹੈ। ਪਿਛਲੇ ਵਰ੍ਹੇ 2022-23 ਵਿੱਚ ਖੇਤੀ ਸੈਕਟਰ ਲਈ ਬਿਜਲੀ ਸਬਸਿਡੀ ਵਜੋਂ ਕੁੱਲ 8284 ਕਰੋੜ ਰੁਪਏ ਤਾਰੇ ਗਏ ਹਨ। ਜ਼ਿਕਰਯੋਗ ਹੈ ਕਿ 1997 ਤੋਂ ਖੇਤੀ ਮੋਟਰਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸ਼ੁਰੂਆਤ ਨਾਲ ਹੁਣ ਤੱਕ ਸੂਬਾ ਸਰਕਾਰ ਕਿਸਾਨਾਂ ਨੂੰ 1,14,905 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇ ਚੁੱਕੀ ਹੈ।