‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਅੱਜ ਗੰਨੇ ਦਾ ਭਾਅ 369 ਰੁਪਏ ਤੈਅ ਕਰ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਮਝੌਤਾ ਕਰ ਲਿਆ ਹੈ। ਕਿਸਾਨ ਲੀਡਰ ਤਾਂ ਇੰਨੇ ਖੁਸ਼ ਹੋ ਗਏ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਡੂ ਖੁਆ ਕੇ ਉਨ੍ਹਾਂ ਦਾ ਮੂੰਹ ਮਿੱਠਾ ਕੀਤਾ। ਹਾਲਾਂਕਿ, ਕਿਸਾਨ 400 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਦਾ ਰਾਜ਼ੀ ਹੋਣਾ ਥੋੜ੍ਹਾ ਅਜੀਬ ਲੱਗ ਰਿਹਾ ਹੈ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ 50 ਰੁਪਏ ਕੁਇੰਟਲ ਗੰਨੇ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਦੇਸ਼ ਦੇ ਇਤਿਹਾਸ ਵਿੱਚ ਇੰਨਾ ਵੱਡਾ ਵਾਧਾ ਸਭ ਤੋਂ ਪਹਿਲੀ ਵਾਰ ਹੈ। ਕਿਸਾਨਾਂ ਨੂੰ ਹਰਿਆਣੇ ਤੋਂ 2 ਰੁਪਏ ਵੱਧ ਰੇਟ ਮਿਲਿਆ ਹੈ। ਇਹ ਕਿਸਾਨਾਂ ਦੀ ਬਹੁਤ ਵੱਡੀ ਜਿੱਤ ਹੈ। ਰਾਜੇਵਾਲ ਨੇ ਕੈਪਟਨ ਦਾ ਧੰਨਵਾਦ ਕੀਤਾ।