ਹਰਿਆਣਾ-ਪੰਜਾਬ ਦੀ ਸ਼ੰਭੂ ਸਰਹੱਦ ਤੋਂ ਦੁਪਹਿਰ 12 ਵਜੇ 101 ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਹਰਿਆਣਾ ਪੁਲਿਸ ਨੇ ਘੱਗਰ ਦਰਿਆ ਦੇ ਪੁਲ ’ਤੇ ਰੋਕ ਲਿਆ।ਇਸ ਮਗਰੋਂ ਪੁਲਿਸ ਨੇ ਵੱਲੋਂ ਕਿਸਾਨਾਂ ’ਤੇ ਜਲ ਤੋਪਾਂ ਦੀ ਵੀ ਵਰਤੋਂ ਕੀਤੀ ਗਈ। ਇਸਦੇ ਨਾਲ ਹਰਿਆਣਾ ਪੁਲਿਸ ਵੱਲੋਂ ਅੱਥਰੂ ਗੈਸ ਦੇ ਗੋਲੇ ਦਾਗੇ ਗਏ ਹਨ। ਇਸੇ ਦੌਰਾਨ ਕਈ ਕਿਸਾਨ ਵੀ ਜ਼ਖ਼ਮੀ ਹੋਏ ਹਨ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਪੰਜਾਬ ਵਿੱਚ ਰੇਲਾਂ ਰੋਕੀਆਂ ਜਾਣਗੀਆਂ। ਤਾਂ ਜੋ ਕੇਂਦਰ ਸਰਕਾਰ ਤੋਂ ਕਿਸਾਨ ਆਪਣੀਆਂ ਮੰਗਾਂ ਮੰਨਵਾਂ ਸਕਣ। ਪੰਧੇਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 18 ਦਸੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਅਸੀਂ ਰੇਲਾਂ ਰੋਕਾਂਗੇ ਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਉਲੀਕਾਗੇਂ।
ਪੰਧੇਰ ਨੇ ਦੱਸਿਆ ਕਿ ਐਕਸਪਾਇਰੀ ਡੇਟ ਦੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਹ ਐਕਸਪਾਇਰੀ ਡੇਟ ਗੋਲੇ ਇਸ ਲਈ ਛੱਡ ਦਿੱਤੇ ਗਏ ਹਨ ਕਿ ਜੇਕਰ ਕੋਈ ਵਿਭਾਗ ਇਸ ਮਾਮਲੇ ਦੀ ਜਾਂਚ ਕਰੇ ਤਾਂ ਇਹ ਗੱਲ ਰਿਕਾਰਡ ‘ਤੇ ਨਾ ਆਵੇ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਰਾਕੇਟ ਲਾਂਚਰਾਂ ਤੋਂ ਬੰਬ ਅਤੇ ਗੋਲੀਆਂ ਚਲਾ ਰਹੀ ਸੀ। ਘੱਗਰ ਦਰਿਆ ਦਾ ਗੰਦਾ ਪਾਣੀ ਵਰਤਿਆ ਜਾ ਰਿਹਾ ਹੈ। ਇਸਦੇ ਨਾਲ ਖੇਤਾਂ ‘ਚ ਖੜ੍ਹੇ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਅਗਲਾ ਬੈਚ ਕਦੋਂ ਜਾਵੇਗਾ, ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਹੋਇਆ ਹੈ ਪਰ ਜਦੋਂ ਜਥਾ ਜਾਵੇਗਾ ਤਾਂ ਉਸ ਵਿਚ ਹਰਿਆਣਾ ਦੇ ਕਿਸਾਨ ਅਤੇ ਔਰਤਾਂ ਵੀ ਸ਼ਾਮਲ ਹੋਣਗੀਆਂ।