Punjab

ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਕੁਝ ਵੀ ਹੋਇਆ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ ਹੋਵੇਗੀ

ਬਿਉਰੋ ਰਿਪੋਰਟ – ਕਿਸਾਨੀ ਮੰਗਾਂ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ (Jagjit Singh Dallewal) ਦਾ ਮਰਨ ਵਰਤ 14ਵੇਂ ਦਿਨ ਵੀ ਜਾਰੀ ਹੈ ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਜਿਸ ਤੋਂ ਬਾਅਦ ਰੋਸ ਵਜੋਂ ਕੱਲ੍ਹ ਕਿਸਾਨ ਲੀਡਰ ਭੁੱਖ ਹੜਤਾਲ ‘ਤੇ ਬੈਠ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ। ਕਿਸਾਨ ਲੀਡਰ ਅਭਿਮਨਿਊ ਕੋਹਾੜ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਨੂੰ ਕੁਝ ਵੀ ਹੋਇਆ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਕੇਂਦਰ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹੋਵੇਗੀ। ਕੋਹਾੜ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਕਿਸਾਨਾਂ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ ਤਾਂ ਉਸ ਸਮੇਂ ਰਾਹੁਲ ਨੇ ਐਮ.ਐਸ.ਪੀ ਗਾਰੰਟੀ ਕਾਨੂੰਨ ਨੂੰ ਲੈ ਕੇ ਸੰਸਦ ਵਿਚ ਪ੍ਰਾਈਵੇਟ ਬਿੱਲ ਲਿਆਉਣ ਦਾ ਭਰੋਸਾ ਦਿੱਤਾ  ਸੀ ਪਰ ਇਸ ਵਾਰ ਕੋਈ ਬਿੱਲ ਨਹੀਂ ਆਇਆ ਹੈ। ਨਾ ਤਾਂ ਸਰਕਾਰ ਅਤੇ ਨਾ ਹੀ ਵਿਰੋਧੀ ਧਿਰ ਕਿਸਾਨਾਂ ਨੂੰ ਲੈ ਕੇ ਗੰਭੀਰ ਹੈ।

ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਫਿਕਰ ਹੈ ਤਾਂ ਉਹ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਦਾ ਕੰਮ ਕਰੇ। ਪੰਧੇਰ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ‘ਤੇ ਤੰਜ ਕੱਸਦਿਆ ਕਿਹਾ ਕਿ ਪਹਿਲਾਂ ਇਹ ਕਹਿੰਦੇ ਸੀ ਕਿ ਬਿਨ੍ਹਾਂ ਟਰੈਕਟਰ ਟਰਾਲੀ ਦੇ ਦਿੱਲੀ ਆ ਜਾਣ ਪਰ ਹੁਣ ਜਦੋਂ ਕਿਸਾਨ ਬਿਨਾਂ ਟਰੈਕਟਰ ਦੇ ਗਏ ਹਨ ਤਾਂ ਇਹ ਕਿਸਾਨਾਂ ਨੂੰ ਰੋਕ ਰਹੇ ਹਨ। ਪੰਧੇਰ ਨੇ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਹਰਿਆਣੇ ਦੇ ਮੰਤਰੀ ਖੁਦ ਹੀ ਉਲਝੇ ਪਏ ਹਨ ਕਿਉਂਕਿ ਕੇਂਦਰ ਅਤੇ ਹਰਿਆਣਾ ਦੇ ਮੰਤਰੀ ਅਲੱਗ-ਅਲੱਗ ਬੋਲੀ ਬੋਲ ਰਹੇ ਹਨ। ਪੰਧੇਰ ਨੇ ਕਿਹਾ ਕਿ ਡੱਲੇਵਾਲ ਦੇ 14 ਕਿਲੋ ਭਾਰ ਘੱਟ ਗਿਆ ਪਰ ਸਰਕਾਰ ਜਾਗ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਵਿਗੜ ਰਗੀ ਹੈ ਪਰ ਉਹ ਆਪਣੀਆਂ ਮੰਗਾਂ ਨੂੰ ਲੈ ਤੇ ਪੂਰੀ ਤਰ੍ਹਾਂ ਨਾਲ ਦ੍ਰਿੜ ਹਨ। ਉਨ੍ਹਾਂ ਕਿਹਾ ਕਿ ਡੱਲੇਵਾਲ ਦੇ ਲੀਵਰ ਅਤੇ ਕੀਡਨੀ ਤੇ ਸਿੱਧਾ ਅਸਰ ਪੈ ਰਿਹਾ ਹੈ ਪਰ ਡੱਲੇਵਾਲ ਦੀ ਲੜਾਈ ਮੰਗਾਂ ਮਨਵਾਉਣ ਤੱਕ ਜਾਰੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਖਨੌਰੀ ਬਾਰਡਰ ਤੇ ਪਹੁੰਚਣ ਦੀ ਅਪੀਲ ਕੀਤੀ ਹੈ। 

ਸੁਰਜੀਤ ਸਿੰਘ ਨੇ ਕਿਹਾ ਕਿ ਕੱਲ਼ ਖਨੌਰੀ ਬਾਰਡਰ ‘ਤੇ ਕੋਈ ਵੀ ਚੁੱਲਾ ਨਹੀਂ ਬਾਲਿਆ ਜਾਵੇਗਾ ਅਤੇ ਖਾਣਾ ਲਿਆਉਣ ਵਾਲੀਆਂ ਸੰਸਥਾਵਾਂ ਨੂੰ ਰੋਕ ਦਿੱਤਾ ਗਿਆ ਹੈ। ਉਨ੍ਹਾਂ ਸਾਰੇ ਲੋਕਾਂ ਨੂੰ ਕਿਹਾ ਕਿ ਪਰਸੋਂ ਸਾਰੇ ਲੋਕ ਆਪਣੇ-ਆਪਣੇ ਧਰਮ ਅਸਥਾਨਾਂ ਤੇ ਜਾ ਕੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅਰਦਾਸ ਕਰਨ। 

ਇਹ ਵੀ ਪੜ੍ਹੋ – ਅਕਾਲੀ ਦਲ ਨੇ ਨਗਰ ਨਿਗਮ ਚੋਣਾਂ ਲਈ ਅਬਜ਼ਰਵਰਾਂ ਦਾ ਕੀਤਾ ਐਲਾਨ