‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਕੱਲ੍ਹ ਕਿਸਾਨ ਮੋਰਚਿਆਂ ‘ਤੇ ਮਨਾਇਆ ਜਾਵੇਗਾ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅੱਜ ਇੱਕ ਮੀਟਿੰਗ ਕਰਕੇ ਇਹ ਫੈਸਲਾ ਲਿਆ ਹੈ। ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਨੇ ਅੱਜ ਸਾਂਝੇ ਤੌਰ ‘ਤੇ ਦੇਸ਼ ਪੱਧਰੀ ਕਿਸਾਨ-ਮਜ਼ਦੂਰ ਲਹਿਰ ਨੂੰ ਏਕਤਾ ਨਾਲ ਮਜ਼ਬੂਤ ਕਰਨ ਦਾ ਐਲਾਨ ਕੀਤਾ ਹੈ। ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਇੱਕਜੁੱਟ ਹੋ ਕੇ ਕਿਸਾਨੀ ਸੰਘਰਸ਼ ਲੜਨ ਦਾ ਐਲਾਨ ਕੀਤਾ ਹੈ।
ਕਿਸਾਨ ਲੀਡਰਾਂ ਨੇ ਕਰਨਾਟਕ ਦੇ ਖੁਰਾਕ ਮੰਤਰੀ ਉਮੇਸ਼ ਕੱਟੀ ਵੱਲੋਂ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਮੇਸ਼ ਕੱਟੀ ਨੇ ਅਨਾਜ ਦੀ ਜਨਤਕ ਵੰਡ ਪ੍ਰਣਾਲੀ ਵਾਲੇ ਕਿਸਾਨਾਂ ਦੇ ਸਵਾਲ ਉੱਤੇ ਕਿਹਾ ਸੀ ਕਿ ਕਿਸਾਨਾਂ ਦੇ ਮਰਨ ਦਾ ਹੁਣ ਸਹੀ ਸਮਾਂ ਹੈ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਖਿਲਾਫ ਭਾਜਪਾ ਲੀਡਰਾਂ ਦੇ ਬਿਆਨ ਰੁਕ ਨਹੀਂ ਰਹੇ ਹਨ। ਗੱਲਬਾਤ ਦਾ ਚੰਗਾ ਮਾਹੌਲ ਬਣਾਉਣ ਦੀ ਬਜਾਏ ਅਜਿਹੀ ਬਿਆਨਬਾਜ਼ੀ ਨਾਲ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ।