‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੱਲ੍ਹ ਆਜ਼ਾਦੀ ਦਿਹਾੜਾ ਹੈ। ਜਿੱਥੇ ਪੂਰੇ ਦੇਸ਼ ਭਰ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਵੇਗਾ, ਉੱਥੇ ਹੀ ਕਿਸਾਨਾਂ ਵੱਲੋਂ ਵੀ ਕਿਸਾਨੀ ਰੰਗ ਵਿੱਚ ਆਜ਼ਾਦੀ ਦਿਹਾੜਾ ਮਨਾਉਣ ਦੀ ਤਿਆਰੀ ਕੀਤੀ ਗਈ ਹੈ। ਕੱਲ੍ਹ ਕਿਸਾਨਾਂ ਵੱਲੋਂ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਮਨਾਇਆ ਜਾਵੇਗਾ। ਕਿਸਾਨਾਂ ਵੱਲੋਂ ਕੱਲ੍ਹ ਜਿੱਥੇ-ਜਿੱਥੇ ਉਹ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਉਹ ਆਪਣੇ ਵਹੀਕਲਾਂ ‘ਤੇ ਕਿਸਾਨੀ ਝੰਡੇ ਅਤੇ ਤਿਰੰਗਾ ਲਹਿਰਾ ਕੇ ਯਾਤਰਾ ਕੱਢਣਗੇ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਆਜ਼ਾਦੀ ਦਿਹਾੜੇ ’ਤੇ ਪੰਜਾਬ ਭਰ ਵਿੱਚ ਤਿੱਖੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਹੈ।
ਅੱਜ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਵੀ ਸਾਰੇ ਕਿਸਾਨਾਂ ਨੂੰ ਕੱਲ੍ਹ ਦੇ ਲਈ ਸੱਦਾ ਦਿੱਤਾ ਹੈ। ਚੜੂਨੀ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 15 ਅਗਸਤ ਨੂੰ ਪੀਪਲੀ ਕੁਰੂਕਸ਼ੇਤਰ, ਜਿੱਥੋਂ ਸਭ ਤੋਂ ਪਹਿਲਾਂ ਕਿਸਾਨਾਂ ‘ਤੇ ਲਾਠੀਚਾਰਜ ਹੋਇਆ ਸੀ ਅਤੇ ਪੂਰੇ ਦੇਸ਼ ਵੱਚ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਉੱਥੋਂ ਹੀ ਤਿਰੰਗਾ ਯਾਤਰਾ ਕੱਢੀ ਜਾਵੇਗੀ। ਇਸ ਯਾਤਰਾ ਵਿੱਚ ਜੀਟੀ ਰੋਡ ਬੈਲਟ ਦੇ 4 ਜ਼ਿਲ੍ਹੇ ਕੁਰੂਕਸ਼ੇਤਰ, ਕਰਨਾਲ, ਪਾਣੀਪਤ ਅਤੇ ਸੋਨੀਪਤ ਦੇ ਕਿਸਾਨ ਆਪਣੇ-ਆਪਣੇ ਵਾਹਨਾਂ ਨੂੰ ਲੈ ਕੇ ਸ਼ਾਮਿਲ ਹੋਣਗੇ ਅਤੇ ਸਿੰਘੂ ਬਾਰਜਰ ਤੱਕ ਯਾਤਰਾ ਕੱਢੀ ਜਾਵੇਗੀ। ਸਾਰੇ ਕਿਸਾਨਾਂ ਨੂੰ 15 ਅਗਸਤ ਨੂੰ ਸਵੇਰੇ 9 ਵਜੇ ਪੀਪਲੀ ਚੌਂਕ ‘ਤੇ ਆਪਣੇ ਵਾਹਨਾਂ ਸਮੇਤ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।
ਭਾਜਪਾ ਲੀਡਰਾਂ ਦੇ ਘਰਾਂ ਅੱਗੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ ਅਤੇ ਪੈਟਰੋਲ ਪੰਪਾਂ ਸਮੇਤ ਸਵਾ ਸੌ ਤੋਂ ਵੱਧ ਥਾਂਵਾਂ ’ਤੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ ਪਿੰਡ-ਪਿੰਡ ਰੈਲੀਆਂ, ਨੁੱਕੜ ਨਾਟਕ, ਝੰਡਾ ਮਾਰਚ ਅਤੇ ਜਥੇ ਬਣਾ ਕੇ ਘਰ-ਘਰ ਪਹੁੰਚ ਕਰਨ ਦੀ ਮੁਹਿੰਮ ਲਗਾਤਾਰ ਜਾਰੀ ਹੈ।