‘ਦ ਖਾਲਸ ਬਿਉਰੋ:ਪੰਜਾਬ ਵਿੱਚ ਕਣਕਾਂ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਮੰਡੀਆਂ ਵਿੱਚ ਕਣਕਾਂ ਦੀ ਆਮਦ ਵੀ ਪਰ ਜੇਕਰ ਮੰਡੀਆਂ ਵਿੱਚ ਖਰੀਦ ਦੇ ਸਹੀ ਇੰਤਜ਼ਾਮ ਨਾ ਹੋਣ ਤਾਂ ਕਿਸਾਨਾਂ ਲਈ ਬਹੁਤ ਔਖਾ ਹੋ ਜਾਂਦਾ ਹੈ । ਮਾਲਵਾ ਇਲਾਕੇ ਦੇ ਜਿਲ੍ਹਾ ਮਾਨਸਾ ਦੇ ਪਿੰਡ ਢਿੱਲਵਾਂ ਤੇ ਹੋਰ ਖਰੀਦ ਕੇਂਦਰਾਂ ‘ਤੇ ਕਿਸਾਨਾਂ ਦੀ ਸਹੂਲਤ ਤੇ ਕਣਕਾਂ ਦੀ ਸਹੀ ਚੁੱਕਾਈ ਲਈ ਮੰਡੀ ਬੋਰਡ ਨੇ ਲੱਖਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਹਨ ਪਰ ਉਥੇ ਕਣਕ ਵੇਚਣ ਲਈ ਪਹੁੰਚੇ ਕਿਸਾਨਾਂ ਨੇ ਮੰਡੀ ਵਿੱਚ ਹੋਏ ਕਾਗਜ਼ੀ ਇੰਤਜ਼ਾਮਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਖਰੀਦ ਕੇਂਦਰਾਂ ‘ਤੇ ਪੀਣ ਵਾਲੇ ਪਾਣੀ ਦਾ ਚੌਕੀਦਾਰ ਅਤੇ ਬਾਥਰੂਮ ਆਦਿ ਸਾਰੇ ਪ੍ਰਬੰਧ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ, ਜਿਸ ਕਾਰਨ ਹਰ ਵਾਰ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦੀ ਲੁੱਟ ਹੁੰਦੀ ਹੈ।
ਅਸਲ ਵਿੱਚ ਕਿਸਾਨਾਂ ਨੂੰ ਕੋਈ ਵੀ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ, ਇਸ ਸੰਬੰਧ ਵਿੱਚ ਕਿਸਾਨ ਆਗੂ ਜਗਦੇਵ ਸਿੰਘ ਨੇ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਮੰਡੀ ਬੋਰਡ ਨੇ ਇੱਥੇ ਸਾਰੀਆਂ ਸਹੂਲਤਾਂ ਨਾ ਉਪਲਬੱਧ ਕਰਵਾਈਆਂ ਤਾਂ ਉਹ ਮੰਡੀ ਬੋਰਡ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।
ਕੜਕਦੀ ਗਰਮੀ ‘ਚ ਮਾਨਸਾ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਦੇ ਖਰੀਦ ਕੇਂਦਰਾਂ ‘ਚ ਖੁੱਲ੍ਹੇ ਅਸਮਾਨ ਹੇਠ ਆਪਣੀਆਂ ਫਸਲਾਂ ਲੈ ਕੇ ਬੈਠੇ ਕਿਸਾਨ ਜਿਥੇ ਮੌਸਮ ਤੋਂ ਪਰੇਸ਼ਾਨ ਹਨ,ਉਥੇ ਪਿਛਲੇ ਕਈ ਦਿਨਾਂ ਤੋਂ ਕਣਕ ਦੀ ਖਰੀਦ ਨਾ ਹੋਈ ਹੋਣ ਕਾਰਣ ਵੀ ਅੱਡ ਦੁੱਖੀ ਨੇ। ਮੌਜੂਦਾ ਉਪਰੋਕਤ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਸਾਫ਼ ਹੀ ਦਿੱਖ ਰਿਹਾ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਿੰਨੇ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਹੈ ਰਿਹਾ ਹੈ ।ਇਹ ਤਾਂ ਸਿਰਫ਼ ਇੱਕ ਇਲਾਕੇ ਦੇ ਪਿੰਡ ਦੀ ਤਸਵੀਰ ਸੀ ,ਪਤਾ ਨਹੀਂ ਬਾਕਿ ਜਗਾਵਾਂ ਤੇ ਕਿਹੋ ਜਿਹੇ ਇੰਤਜ਼ਾਮ ਹੋਣਗੇ ।