Punjab

ਕੇਂਦਰ ਦੀਆਂ ਨੀਤੀਆਂ ਤੋਂ ਕਿਸਾਨਾ ‘ਚ ਰੋਹ ਵਧਿਆ

‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਦੀਆਂ  ਪੰਜਾਬ ਵਿਰੋਧੀ ਨੀਤੀਆਂ ਦੇ ਖ਼ਿ ਲਾਫ਼ ਰੋਸ ਵੱਧਣ ਲੱਗਾ ਹੈ। ਕਿਸਾਨਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਵੱਖਰੀ ਲੜਾਈ ਛੇੜ ਦਿੱਤੀ ਗਈ ਹੈ। ਪੰਜਾਬ ਦੇ ਸੈਂਕੜੇ ਪਿੰਡਾਂ ਵਿੱਚ ਵੀ ਭਾਜਪਾ ਸਰਕਾਰ ਦੇ ਖ਼ਿਲਾਫ਼ ਅਰਥੀ ਫ਼ੂਕ ਮੁਜਾਹਰੇ ਕੀਤੇ ਗਏ ਹਨ। ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਅੱਜ ਜੋਨ ਮਜੀਠਾ ਦੇ ਪਿੰਡ ਹਮਜ਼ਾ ਵਿਚ ਮੋਦੀ ਸਰਕਾਰ ਦਾ ਅਰਥੀ ਫ਼ੂਕ ਮੁਜਾਹਰਾ ਕੀਤਾ ਗਿਆ। ਕਿਸਾਨਾ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਪੰਜਾਬ ਦੀ ਪੱਕੀ ਮੈਂਬਰੀ ਖਤਮ ਕਰਨ,ਚੰਡੀਗੜ੍ਹ ਚੋਂ ਪੰਜਾਬ ਦੇ ਹਿੱਸੇ ਨੂੰ ਖੋਰਾ ਲਾਉਣ ਅਤੇ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਨਾ ਹਟਾਉਣ ਦੇ ਖ਼ਿਲਾਫ਼ ਭਾਰੀ ਰੋਸ ਹੈ।

ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ  ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ  ਪੰਜਾਬ ਦੇ ਸੰਘੀ ਢਾਂਚੇ ਨੂੰ ਤੋੜ ਕੇ ਕਾਰਪੋਰੇਟ ਦੇ ਹਵਾਲੇ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿਸਾਨ ਕਿਸੇ ਵੀ ਹਾਲਾਤ ਵਿੱਚ ਪੂਰਾ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਅੰਦੋਲਨ ਵਿੱਚ ਰੱਖੀਆਂ ਮੰਗਾਂ ਨੂੰ ਪੂਰਾ ਕਰੇ ਅਤੇ  ਲਖੀਮਪੁਰ ਖੀਰੀ ਘਟਨਾ ਦੇ ਦੋਸ਼ਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਨੇ ਦਿੱਲੀ ਅੰਦੋਲਨ ਦੌਰਾਨ ਨੌਜਵਾਨਾਂ ‘ਤੇ ਪਾਏ ਕੇਸ ਵੀ ਵਾਪਸ ਲੈਣ ਅਤੇ ਸਰਕਾਰ ਐਮਐਸਪੀ ਗਰੰਟੀ ਦੇਣ ਦੀ ਮੰਗ ਕੀਤੀ । ਸੂਬਾ ਪੱਧਰ ਦੇ ਵਿਖਾਵਿਆਂ ਦੌਰਾਨ ਕੇਂਦਰ ਸਰਕਾਰ ਨੂੰ ਪੰਜਾਬ ਵਿਰੋਧੀ ਫੈਸਲੇ ਵਾਪਸ ਲੈਣ ਦੀ ਅਪੀਲ ਕਰਦਿਆਂ ਸਿੱਟੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ।