‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਟੋਹਾਣਾ ਵਿੱਚ ਟੋਹਾਣਾ ਸਿਟੀ ਥਾਣੇ ਅੱਗੇ ਜਾਰੀ ਕਿਸਾਨਾਂ ਦੇ ਧਰਨੇ ਦੇ ਤੀਜੇ ਦਿਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਮੱਖਣ ਸਿੰਘ ਨੂੰ ਵੀ ਅੱਜ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਬਾਕੀ ਮੰਗਾਂ ਵੀ ਮੰਨ ਲਈਆਂ ਗਈਆਂ ਹਨ। ਪ੍ਰਸ਼ਾਸਨ ਨੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਿਸ ਲੈਣ ਦਾ ਭਰੋਸਾ ਦਿੱਤਾ ਹੈ। ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ, ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਯੁੱਧਵੀਰ ਸਿੰਘ, ਜੋਗਿੰਦਰ ਨੈਨ, ਸੁਰੇਸ਼ ਕੋਠ ਸਮੇਤ ਹਜ਼ਾਰਾਂ ਕਿਸਾਨਾਂ ਨੇ 6 ਅਤੇ 7 ਜੂਨ ਦੀ ਵਿਚਕਾਰਲੀ ਰਾਤ ਟੋਹਾਣਾ ਸਿਟੀ ਥਾਣੇ ਦੇ ਬਾਹਰ ਬਤੀਤ ਕੀਤੀ। ਅੱਜ ਇੱਕ ਹੋਰ ਗ੍ਰਿਫਤਾਰ ਕਿਸਾਨ ਮੱਖਣ ਸਿੰਘ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਮਾਮਲਾ ਸੁਲਝ ਗਿਆ ਹੈ। ਕੱਲ੍ਹ ਦੇਰ ਰਾਤ 1 ਵਜੇ ਪੁਲਿਸ ਨੇ ਦੋ ਕਿਸਾਨਾਂ ਵਿਕਾਸ ਸੀਸਰ ਅਤੇ ਰਵੀ ਆਜ਼ਾਦ ਨੂੰ ਰਿਹਾਅ ਕੀਤਾ ਸੀ।
ਕਿਸਾਨ ਲੀਡਰਾਂ ਨੇ ਕਿਹਾ ਕਿ ਟੋਹਾਣਾ ਅੰਦੋਲਨ ਦੀ ਪਹਿਲੀ ਮੰਗ ਇਹ ਸੀ ਕਿ ਵਿਧਾਇਕ ਦੇਵੇਂਦਰ ਬਬਲੀ ਆਪਣੇ ਅਪਸ਼ਬਦਾਂ ਲਈ ਮੁਆਫੀ ਮੰਗੇ ਅਤੇ ਆਪਣੇ ਸਾਥੀਆਂ ਵੱਲੋਂ ਦਾਇਰ ਕੀਤੇ ਗਏ ਕੇਸ ਵਾਪਸ ਲਵੇ। 5 ਜੂਨ ਨੂੰ ਵਿਧਾਇਕ ਨੇ ਆਪਣੇ ਅਪਸ਼ਬਦਾਂ ‘ਤੇ ਖੁਦ ਅਫਸੋਸ ਜ਼ਾਹਰ ਕੀਤਾ। ਵਿਧਾਇਕ ਦੇ ਸਹਿਯੋਗੀਆਂ ਨੇ ਹਲਫਨਾਮਾ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਕੇਸ ਰੱਦ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ। ਕਿਸਾਨ ਲੀਡਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਅਤੇ ਪੁਲਿਸ ਨਾਲ ਗੱਲਬਾਤ ਤੋਂ ਬਾਅਦ, ਇਹ ਫੈਸਲਾ ਲਿਆ ਗਿਆ ਹੈ ਕਿ ਇਸ ਕੇਸ (ਐੱਫਆਈਆਰ 103) ਨੂੰ ਸਰਕਾਰ ਵਾਪਸ ਲੈ ਲਵੇਗੀ।
ਸੰਯੁਕਤ ਕਿਸਾਨ ਮੋਰਚਾ ਨੇ 4 ਜੂਨ ਨੂੰ ਸਿੰਘੂ ਬਾਰਡਰ ‘ਤੇ ਕੀਤੀ ਗਈ ਆਪਣੀ ਬੈਠਕ ਵਿੱਚ ਸੱਤਾਧਾਰੀ ਪਾਰਟੀਆਂ ਦੇ ਲੀਡਰਾਂ ਅਤੇ ਲੋਕ ਨੁਮਾਇੰਦਿਆਂ ਖ਼ਿਲਾਫ਼ ਚੱਲ ਰਹੇ ਵਿਰੋਧ ਪ੍ਰੋਗਰਾਮਾਂ ਬਾਰੇ ਕਈ ਫੈਸਲੇ ਅਤੇ ਐਲਾਨ ਕੀਤੇ ਹਨ :
• ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦਾ ਵਿਰੋਧ ਉਹਨਾਂ ਵੱਲੋਂ ਕੀਤੇ ਜਾਂਦੇ ਸਰਕਾਰੀ ਅਤੇ ਰਾਜਨੀਤਕ ਪ੍ਰੋਗਰਾਮਾਂ ਦੌਰਾਨ ਹੋਵੇਗਾ। ਇਹਨਾਂ ਲੀਡਰਾਂ ਅਤੇ ਲੋਕ ਨੁਮਾਇੰਦਿਆਂ ਦਾ ਕਿਸੇ ਵੀ ਨਿੱਜੀ ਸਮਾਗਮ (ਜਿਵੇਂ ਵਿਆਹ, ਪਰਿਵਾਰਕ ਕਾਰਜ ਆਦਿ) ਵਿੱਚ ਵਿਰੋਧ ਨਹੀਂ ਕੀਤਾ ਜਾਵੇਗਾ।
• ਵਿਰੋਧ ਦੌਰਾਨ ਕਾਲੇ ਝੰਡੇ ਲਹਿਰਾਏ ਜਾਣਗੇ।
• ਸ਼ਾਂਤਮਈ ਨਾਅਰੇਬਾਜ਼ੀ ਕੀਤੀ ਜਾਵੇਗੀ।
• ਪਰ ਵਿਰੋਧ-ਪ੍ਰਦਰਸ਼ਨ ਹਿੰਸਕ ਨਹੀਂ ਹੋਣ ਦਿੱਤਾ ਜਾਵੇਗਾ।
• ਅੰਦੋਲਨ ਦੀ ਸਫਲਤਾ ਦੇ ਮੱਦੇਨਜ਼ਰ ਸਥਾਨਕ ਕਮੇਟੀ ਵੱਲੋਂ ਵਿਧਾਇਕ ਖਿਲਾਫ ਪਹਿਲਾਂ ਐਲਾਨੇ ਸਾਰੇ ਪ੍ਰੋਗਰਾਮ ਹੁਣ ਰੱਦ ਕਰ ਦਿੱਤੇ ਗਏ ਹਨ।
• 9 ਜੂਨ ਨੂੰ ਸਾਰੇ ਕਿਸਾਨੀ-ਮੋਰਚਿਆਂ ‘ਚ ਮੁਗਲ ਸਾਮਰਾਜ ਦੇ ਅੱਤਿਆਚਾਰ ਵਿਰੁੱਧ ਬਹਾਦਰੀ ਨਾਲ ਲੜਨ ਵਾਲੇ ਸਿੱਖ ਯੋਧਾ ਅਤੇ ਖਾਲਸਾ ਸੈਨਾ ਦੇ ਕਮਾਂਡਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹਾਦਤ-ਦਿਵਸ ਮਨਾਇਆ ਜਾਵੇਗਾ।