ਬਟਾਲਾ : ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋ ਆਪਣੀਆਂ ਮੰਗਾਂ ਨੂੰ ਲੈਕੇ ਬਟਾਲਾ ਰੇਲਵੇ ਸਟੇਸ਼ਨ ਤੇ ਅਮ੍ਰਿਤਸਰ ਪਠਾਨਕੋਟ ਰੇਲਵੇ ਟਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੋਰਾਨ 10 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਲੰਬੇ ਰੂਟ ਵਾਲੀਆ ਟ੍ਰੇਨਾਂ ਦਾ ਰੂਟ ਬਦਲ ਦਿੱਤਾ ਗਿਆ ਹੈ ਇਸ ਧਰਨੇ ਕਰਕੇ ਜਿੱਥੇ ਆਮ ਲੋਕਾਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ ਉਥੇ ਹੀ ਧਰਨੇ ਕਾਰਨ ਰੇਲਵੇ ਸਟੇਸ਼ਨ ਤੋਂ ਸਵਾਰੀਆਂ ਲੈਕੇ ਆਪਣਾ ਗੁਜ਼ਾਰਾ ਕਰਨ ਵਾਲੇ ਆਟੋ ਚਾਲਕਾਂ ਦਾ ਕੰਮ ਵੀ ਠਪ ਚੁੱਕਾ ਹੈ।
ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਜਾਮ ਦੇ ਨਾਲ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀਆ 10 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋਈਆਂ ਹਨ ਅਤੇ ਪਠਾਨਕੋਟ ਤੋਂ ਦਿੱਲੀ ਵਾਇਆ ਅੰਮ੍ਰਿਤਸਰ ਚੱਲਣ ਵਾਲੀਆਂ 4 ਟ੍ਰੇਨਾਂ ਦਾ ਰੂਟ ਬਦਲ ਕੇ ਵਾਇਆ ਮੁਕੇਰੀਆਂ ਕੀਤਾ ਗਿਆ ਹੈ ਤਾਂ ਜੋ ਯਾਤਰੀਆਂ ਦੀ ਖੱਜਲ ਖ਼ੁਆਰੀ ਨੂੰ ਰੋਕਿਆ ਜਾ ਸਕੇ। ਬਟਾਲਾ ਰੇਲਵੇ ਸਟੇਸ਼ਨ ਉੱਤੇ ਲਗਾਏ ਗਏ ਧਰਨੇ ਨਾਲ ਟ੍ਰੇਨਾਂ ਤੇ ਸਫ਼ਰ ਕਰਨ ਵਾਲ਼ੇ ਯਾਤਰੀ ਪ੍ਰਭਾਵਿਤ ਹੋਏ ਹਨ। ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯਾਤਰੀਆਂ ਨੇ ਕਿਹਾ ਕਿ ਅੱਜ ਓਹ ਆਪਣੇ ਸਮੇਂ ਨਾਲ ਕੰਮ ਉੱਤੇ ਜਾਣ ਲਈ ਰੇਲਵੇ ਸਟੇਸ਼ਨ ਆਏ ਸਨ ਪਰ ਇੱਥੇ ਆ ਕੇ ਪਤਾ ਲੱਗਾ ਕਿ ਕਿਸਾਨੀ ਧਰਨੇ ਕਾਰਨ ਟ੍ਰੇਨਾਂ ਰੱਦ ਹੋ ਚੁੱਕੀਆ ਹਨ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੇ ਜੇ ਰੋਸ ਪ੍ਰਦਰਸ਼ਨ ਕਰਨਾ ਹੈ ਤਾਂ ਕੋਈ ਹੋਰ ਜਗਾ ਉੱਤੇ ਧਰਨੇ ਲਗਾਉਣੇ ਚਾਹੀਦੇ ਹਨ। ਇਸਦੇ ਨਾਲ ਹੀ ਆਟੋ ਚਾਲਕਾਂ ਅਤੇ ਰੇਲਵੇ ਸਟੇਸ਼ਨ ਤੇ ਪਾਰਕਿੰਗ ਠੇਕੇਦਾਰਾਂ ਨੇ ਕਿਹਾ ਕਿ ਸਵਾਰੀਆਂ ਨਾ ਆਉਣ ਕਾਰਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਧਰਨਾ ਖਤਮ ਕੀਤਾ ਜਾ ਸਕੇ।
ਦਰਅਸਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਲੋਂ ਕੱਲ੍ਹ ਅੰਮ੍ਰਿਤਸਰ-ਪਠਾਨਕੋਟ ਰੇਲ ਮਾਰਗ ਅਤੇ ਬਟਾਲਾ ਰੇਲਵੇ ਸਟੇਸ਼ਨ ਵਿਖੇ ਅਣਮਿਥੇ ਸਮੇ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਇਨ੍ਹਾਂ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਕੀਤਾ ਗਿਆ ਸੀ। ਕਿਸਾਨਾਂ ਮੁਤਾਬਕ ਸਰਕਾਰ ਨੇ ਉਸ ਵੇਲੇ ਉਨ੍ਹਾਂ ਨੂੰ ਇਸ ਸਬੰਧੀ ਕਾਰਵਾਈ ਦਾ ਭਰੋਸਾ ਦਿਵਾਇਆ ਸੀ, ਜਿਸ ਕਾਰਨ ਉਸ ਵੇਲੇ ਅੰਦੋਲਨ ਖਤਮ ਕਰ ਦਿੱਤਾ ਗਿਆ ਸੀ।
ਪਰ ਹੁਣ ਤਿੰਨ ਮਹੀਨਿਆਂ ਬਾਅਦ ਵੀ ਜਦੋਂ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹਨ ਤਾਂ ਉਹ ਮੁੜ ਧਰਨੇ ‘ਤੇ ਬੈਠ ਗਏ ਹਨ। ਇਹ ਕਿਸਾਨ, ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕੁਆਇਰ ਜਮੀਨਾਂ ਦੇ ਇੱਕਸਾਰ ਤੇ ਵਾਜ਼ਿਬ ਮੁਆਵਜ਼ੇ ਨਾ ਮਿਲਣ ਦੇ ਇਲਜ਼ਾਮ ਲਗਾਉਂਦੇ ਹਨ।
ਇਸ ਦੇ ਨਾਲ ਹੀ ਉਹ ਮੀਂਹ ਨਾਲ ਖਰਾਬ ਹੋਈ ਫਸਲ ਦੇ ਮੁਆਵਜ਼ੇ, ਗੰਨੇ ਦੇ ਬਕਾਏ ਦੀ ਅਦਾਇਗੀ, ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਸਮੇਤ ਹੋਰ ਅਹਿਮ ਮੁੱਦਿਆਂ ਨੂੰ ਲੈ ਕੇ ਵਿਰੋਧ ਕਰ ਰਹੇ ਹਨ।