Punjab

ਕੈਪਟਨ ਦੇ ਸ਼ਹਿਰ ‘ਚ ਕਿਸਾਨਾਂ ਦਾ ਵੱਡਾ ਐਕਸ਼ਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਟਿਆਲਾ ਵਿੱਚ ਕਿਸਾਨਾਂ ਨੇ 30 ਅਪ੍ਰੈਲ ਨੂੰ ਸ਼ਹਿਰ ਦੇ ਸਮੂਹ ਬਾਜ਼ਾਰਾਂ ਵਿੱਚ ਵਿਸ਼ਾਲ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਪਿਛਲੇ 22 ਦਿਨਾਂ ਤੋਂ ਪਟਿਆਲਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੇੜੇ ਸਥਿਤ ਵਾਈਪੀਐੱਸ ਚੌਂਕ ਵਿੱਚ ਐਕਸਪ੍ਰੈੱਸ ਵੇਅ ਲਈ ਘੱਟ ਰੇਟ ’ਤੇ ਜਬਰੀ ਜ਼ਮੀਨਾਂ ਐਕੁਆਇਰ ਕਰਨ ਦੇ ਰੋਸ ਵਜੋਂ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹਨ।

ਇਸ ਲਈ ਪੰਜਾਬ ਭਰ ਤੋਂ ਹਜ਼ਾਰਾਂ ਟਰੈਕਟਰਾਂ ਦਾ ਪ੍ਰਬੰਧ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਕਿਸਾਨ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਦੇ ਨਿਬੇੜੇ ਤੱਕ ਕਿਸਾਨਾਂ ਦੀਆਂ ਜ਼ਮੀਨਾਂ ਐਕੁਆਇਰ ਕਰਨ ਦੀ ਪ੍ਰਕਿਰਿਆ ਮੁਲਤਵੀ ਕਰਨ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਢੁੱਕਵੇਂ ਮੁਆਵਜ਼ੇ ਅਤੇ ਉਜਾੜੇ ਭੱਤੇ ’ਤੇ ਜ਼ੋਰ ਦੇ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਧਰਨਿਆਂ ਵਿੱਚ ਉਲਝਾ ਕੇ ਜ਼ਮੀਨਾਂ ਐਕੁਵਾਇਰ ਕਰਨ ਦੀ ਤਿਆਰੀ ਵਿੱਚ ਹੈ।

‘ਰੋਡ ਕਿਸਾਨ ਸੰਘਰਸ਼ ਕਮੇਟੀ’ ਦੇ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਚੱਲ ਰਹੇ ਮੋਰਚੇ ਦੌਰਾਨ ਕਿਸਾਨਾਂ ਨੇ ਸਰਕਾਰ ਦੀ ਅਣਦੇਖੀ ਤੋਂ ਨਰਾਜ਼ ਹੋ ਕੇ 29 ਅਪ੍ਰੈਲ ਤੱਕ ਦੀ ਚਿਤਾਵਨੀ ਦਿੱਤੀ ਹੈ, ਉਸ ਤੋਂ ਬਾਅਦ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ।