India Khetibadi Punjab

ਕਿਸਾਨਾਂ ਨੇ ਗ਼ੈਰ-ਭਾਜਪਾ ਸਾਂਸਦਾਂ ਨੂੰ ਸੌਂਪੇ ਮੰਗ ਪੱਤਰ! ਵਿਰੋਧੀ ਧਿਰਾਂ ਨੂੰ ਵੀ ਚੇਤਾਵਨੀ, ਸੰਸਦ ‘ਚ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ

ਅੰਮ੍ਰਿਤਸਰ: ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ’ਤੇ ਚੱਲ ਰਿਹਾ ਕਿਸਾਨ ਸੰਘਰਸ਼ 146 ਦਿਨ ਵਿੱਚ ਜਾਰੀ ਹੈ। ਫਰਵਰੀ ਤੋਂ ਦਿੱਲੀ ਕੂਚ ਦੇਸ਼ ਦੀਆਂ 200 ਦੇ ਕਰੀਬ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਭਾਰੀ ਰੋਕਾਂ ਲਾ ਕੇ ਰਸਤੇ ਰੋਕੇ ਜਾਣ ਕਰਕੇ ਸੰਘਰਸ਼ ਸਰਹੱਦਾਂ ’ਤੇ ਪੱਕੇ ਮੋਰਚੇ ਦੇ ਰੂਪ ਵਿੱਚ ਚੱਲ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਅੰਦੋਲਨ ਦੀ ਅਗਵਾਈ ਕਰ ਰਹੇ ਦੋਨਾਂ ਫੋਰਮਾਂ ਵੱਲੋਂ ਤੈਅ ਪ੍ਰੋਗਰਾਮ ਤਹਿਤ ਦੇਸ਼ ਦੇ 12 ਸੂਬਿਆਂ ਵਿੱਚ ਗੈਰ ਭਾਜਪਾਈ ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤੇ ਗਏ।

ਜਾਣਕਾਰੀ ਦਿੰਦਿਆਂ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਪੰਜਾਬ ਦੇ 13, ਚੰਡੀਗੜ੍ਹ ਦੇ 1, ਹਰਿਆਣਾ ਦੇ 5, ਰਾਜਿਸਥਾਨ ਦੇ 11, ਉੱਤਰ ਪ੍ਰਦੇਸ਼ ਦੇ 20, ਮੱਧ ਪ੍ਰਦੇਸ਼ ਦੇ 1 (ਰਾਜ ਸਭਾ ਮੈਂਬਰ), ਬਿਹਾਰ ਦੇ 6, ਕਰਨਾਟਕਾ ਦੇ 12, ਤੇਲਗਨਾ ਦੇ 10, ਮਹਾਰਾਸ਼ਟਰ ਦੇ 5, ਕੇਰਲ ਦੇ 19 ਅਤੇ ਤਾਮਿਲਨਾਡੂ ਦੇ 29 ਸੰਸਦ ਮੈਂਬਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਜਿਵੇਂ ਸਾਰੀਆਂ ਫ਼ਸਲਾਂ ਦੀ ਖ਼ਰੀਦ ਤੇ ਐਮਐਸਪੀ ਗਰੰਟੀ ਕਨੂੰਨ ਬਣਾਉਣ, ਮਜਦੂਰ ਲਈ ਮਨਰੇਗਾ ਸਕੀਮ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ 700 ਰੁਪਏ ਦਿਹਾੜੀ ਕਰਨ, ਕਿਸਾਨ ਅਤੇ ਖੇਤ ਮਜਦੂਰ ਦਾ ਕੁੱਲ ਕਰਜ਼ਾ ਖ਼ਤਮ ਕਰਨ, ਆਦਿਵਾਸੀ ਦੇ ਹੱਕਾਂ ਦੀ ਰਾਖੀ ਲਈ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਕਰਨ, ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਕਰਨ ਸਮੇਤ ਮੰਗ ਪੱਤਰ ਵਿਚਲੀਆਂ ਸਾਰੀਆਂ ਮੰਗਾਂ ਦੀ ਗੱਲ 22 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਲੋਕ ਸਭਾ ਸਤਰ ਵਿੱਚ ਪੂਰੇ ਜ਼ੋਰ ਨਾਲ ਚੱਕਿਆ ਜਾਵੇ।

ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਐਮ ਪੀ ਗੁਰਜੀਤ ਔਜਲਾ ਦੇ ਘਰ ਅੱਗੇ ਹਜ਼ਾਰਾਂ ਕਿਸਾਨ ਮਜ਼ਦੂਰ ਮੰਗ ਪੱਤਰ ਦੇਣ ਪਹੁੰਚੇ ਪਰ ਸੰਸਦ ਮੈਂਬਰ ਘਰ ਮੌਜੂਦ ਨਹੀਂ। ਇਸ ਲਈ ਉਨ੍ਹਾਂ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਗਈ, ਮੰਗ ਪੱਤਰ ਲੈਣ ਲਈ ਉਨ੍ਹਾਂ ਦਾ ਬੇਟਾ ਅਤੇ ਮਾਤਾ ਜੀ ਆਏ। ਇਸ ਤੋਂ ਸਾਬਿਤ ਹੁੰਦਾ ਹੈ ਕਿ ਕਾਂਗਰਸੀ ਪ੍ਰਧਾਨ ਰਾਜਾ ਵੜਿੰਗ ਨੇ ਆਪਣੇ ਲੀਡਰਾਂ ਨੂੰ ਹਦਾਇਤ ਜਾਰੀ ਨਹੀਂ ਕੀਤੀ, ਇਸ ਲਈ ਅਸੀਂ ਉਨ੍ਹਾਂ ਦੀ ਵੀ ਨਿੰਦਾ ਕਰਦੇ ਹਾਂ।

ਉਨ੍ਹਾਂ ਦੱਸਿਆ ਕਿ ਮੰਗਾਂ ਦੇ ਨਾਲ ਨਾਲ ਅਸੀਂ ਇਨ੍ਹਾਂ ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਕੇ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ 2.0 ਵਿੱਚ ਕਿਸਾਨਾਂ ’ਤੇ ਅੱਤਿਆਚਾਰ ਕਰਨ ਵਾਲੇ ਪੁਲਿਸ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਸੰਸਦ ਵਿੱਚ ਚੁੱਕੀ ਜਾਣੀ ਚਾਹੀਦੀ ਹੈ, ਕਿਸਾਨ ਅੰਦੋਲਨ 2.0 ਦੇ ਸ਼ੁਰੂਆਤੀ ਪੜਾਅ ਵਿੱਚ ਭਾਜਪਾ ਸਰਕਾਰ ਨੇ “ਦਿੱਲੀ ਚੱਲੋ” ਮਾਰਚ ਨੂੰ ਰੋਕਣ ਲਈ ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਗੋਲ਼ੀਆਂ ਚਲਾ ਕੇ ਅਤੇ ਜ਼ਹਿਰੀਲੀਆਂ ਗੈਸਾਂ ਦੀ ਵਰਤੋਂ ਕਰਕੇ ਕਿਸਾਨਾਂ ’ਤੇ ਅੱਤਿਆਚਾਰ ਕੀਤਾ, ਜਿਸ ਕਾਰਨ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ, 5 ਕਿਸਾਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ, ਕਈ ਕਿਸਾਨ ਇਸ ਕਾਰਨ ਸ਼ਹੀਦ ਹੋ ਗਏ, ਜ਼ਹਿਰੀਲੀਆਂ ਗੈਸਾਂ ਕਾਰਨ 433 ਕਿਸਾਨ ਜ਼ਖ਼ਮੀ ਹੋਏ ਹਨ।

ਵਿਰੋਧੀ ਧਿਰ ਦੇ ਲੀਡਰਾਂ ਤੋਂ ਸੰਸਦ ‘ਚ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ

ਚਿੱਠੀ ਵਿੱਚ ਇਨ੍ਹਾਂ ਪਾਰਟੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੀਫੈਸਟੋ ਵਿੱਚ ਉਪਰੋਕਤ ਮੰਗਾਂ ਨੂੰ ਸ਼ਾਮਲ ਕੀਤਾ ਸੀ, ਆਮ ਲੋਕਾਂ ਨੇ ਇਨ੍ਹਾਂ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਸੰਸਦ ਵਿੱਚ ਉਠਾਉਣ ਲਈ ਚੁਣਿਆ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਤੋਂ ਮਾਨਸੂਨ ਸੈਸ਼ਨ ਵਿੱਚ ਕਿਸਾਨ ਮੰਗਾਂ ’ਤੇ ਇੱਕ ਪ੍ਰਾਈਵੇਟ ਬਿੱਲ ਲਿਆਉਣ ਦੀ ਮੰਗ ਕੀਤੀ ਗਈ ਹੈ ਅਤੇ ਜੇਕਰ ਕੋਈ ਪ੍ਰਾਈਵੇਟ ਬਿੱਲ ਨਹੀਂ ਲਿਆਉਂਦੇ ਤਾਂ ਅਸੀਂ ਇਹ ਸੋਚਣ ਲਈ ਮਜਬੂਰ ਹੋ ਜਾਵਾਂਗੇ ਕਿ ਭਾਜਪਾ ਵਾਂਗ ਵਿਰੋਧੀ ਧਿਰਾਂ ਵੀ ਕਿਸਾਨ ਮੰਗਾਂ ਪ੍ਰਤੀ ਗੰਭੀਰ ਨਹੀਂ ਅਤੇ ਸਿਰਫ ਵੋਟਾਂ ਖ਼ਾਤਰ ਚੋਣ ਜੁਮਲੇ ਦੇ ਤੌਰ ’ਤੇ ਅੰਦੋਲਨ ਦੀਆਂ ਮੰਗਾਂ ਨੂੰ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਵਿਰੋਧੀ ਧਿਰ ਅੰਦੋਲਨ ਦੀ ਆਵਾਜ਼ ਜ਼ੋਰ ਨਾਲ ਨਹੀਂ ਚੁੱਕਦੀ ਤਾਂ ਇਨ੍ਹਾਂ ਸੰਸਦ ਮੈਂਬਰਾਂ ਖ਼ਿਲਾਫ਼ ਵੀ ਆਉਂਦੇ ਦਿਨਾਂ ਵਿੱਚ ਸਖ਼ਤ ਰੁਖ਼ ਅਖ਼ਤਿਆਰ ਕੀਤਾ ਜਾਵੇਗਾ।