ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਗੁਰਦਾਸਪੁਰ ਦੇ ਰੇਲਵੇ ਟ੍ਰੈਕ ’ਤੇ ਅਣਮਿੱਥੇ ਸਮੇਂ ਲਈ ਲਗਾਇਆ ਗਿਆ ਰੇਲ ਰੋਕੋ ਮੋਰਚਾ ਡੀ.ਸੀ. ਗੁਰਦਾਸਪੁਰ ਵੱਲੋਂ ਸਾਰੀਆਂ ਮੰਗਾਂ ਮੰਨਣ ਦੇ ਐਲਾਨ ਬਾਅਦ ਦੂਸਰੇ ਦਿਨ ਦੇਰ ਰਾਤ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਾਰਵਾਈ ਨਾ ਹੋਣ ਦੀ ਸੂਰਤ ਵਿਚ 2 ਅਪ੍ਰੈਲ ਤੋਂ ਅਗਲੇ ਐਕਸ਼ਨ ਹੋਣਗੇ। ਡਿਪਟੀ ਕਮਿਸ਼ਨਰ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਅਨੁਸਾਰ ਕਿਸਾਨਾਂ ਦੀਆਂ ਮੰਗਾਂ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 22 ਫਰਵਰੀ ਤੋਂ ਸੜਕੀ ਪ੍ਰੋਜੈਕਟਾਂ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਵਾਜਬ ਭਾਅ, ਗੰਨੇ ਦੇ ਬਕਾਏ, ਪ੍ਰਦੂਸ਼ਣ, ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ੇ ਅਤੇ ਨੌਕਰੀਆਂ ਅਤੇ ਹੋਰ ਅਹਿਮ ਮੰਗਾਂ ਨੂੰ ਲੈ ਕੇ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ, ਸ਼ੁਰੂ ਹੋਇਆ ਰੇਲ ਰੋਕੋ ਮੋਰਚਾ, ਮੰਗਾਂ ’ਤੇ ਕੰਮ ਸ਼ੁਰੂ ਹੋਣ ਅਤੇ ਡੀ ਸੀ ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਵੱਲੋਂ ਭਰੋਸਾ ਦਿਵਾਉਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਦਿੱਤੇ ਗਏ ਸਮੇਂ ਦੇ ਅੰਦਰ ਵਾਅਦੇ ਅਨੁਸਾਰ ਕੰਮ ਪੂਰੇ ਨਹੀਂ ਕੀਤੇ ਜਾਂਦੇ ਤਾਂ 2 ਅਪ੍ਰੈਲ ਨੂੰ ਬਟਾਲਾ ਸਟੇਸ਼ਨ ਤੇ ਦੋਬਾਰਾ ਤੋਂ ਰੇਲ ਰੋਕੋ ਮੋਰਚਾ ਸ਼ੁਰੂ ਕੀਤਾ ਜਾਵੇਗਾ।