‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਅਪੀਲ ਦੇ ਬਾਵਜੂਦ ਵੀ ਪਟਿਆਲਾ ਵਿੱਚ ਤਿੰਨ ਦਿਨ ਧਰਨੇ ਲਾਉਣ ਲਈ ਬਜ਼ਿੱਦ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਤੈਅ ਪ੍ਰੋਗਰਾਮ ਦੇ ਤਹਿਤ ਹੀ ਧਰਨਾ ਲੱਗੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪਟਿਆਲਾ ਵਿੱਚ ਕੈਪਟਨ ਸਰਕਾਰ ਦੇ ਖਿਲਾਫ਼ 28, 29 ਅਤੇ 30 ਮਈ ਨੂੰ ਪਟਿਆਲਾ ਵਿਖੇ ਦਿਨ-ਰਾਤ ਮੋਰਚਾ ਲਾਉਣ ਦਾ ਐਲਾਨ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਇੱਕ ਅਪੀਲ ਕੀਤੀ ਸੀ। ਕੈਪਟਨ ਨੇ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਅਪੀਲ ਕਰਦਿਆਂ ਕਿਹਾ ਸੀ ਕਿ ਉਹ ਪਟਿਆਲਾ ਵਿੱਚ ਧਰਨੇ ਦੇ ਪ੍ਰੋਗਰਾਮ ਨੂੰ ਕੁੱਝ ਸਮੇਂ ਲਈ ਮੁਲਤਵੀ ਕਰ ਦੇਣ। ਕੈਪਟਨ ਨੇ ਕਿਹਾ ਕਿ ਕਿਸਾਨਾਂ ਵੱਲੋਂ ਲਾਏ ਜਾਣ ਵਾਲੇ ਧਰਨੇ ਦੇ ਨਾਲ ਕਰੋਨਾ ਦੇ ਫੈਲਣ ਦਾ ਖਤਰਾ ਬਣ ਸਕਦਾ ਹੈ।