ਬਿਉਰੋ ਰਿਪੋਰਟ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਬਜਟ ਪੇਸ਼ ਕੀਤਾ ਹੈ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਇਹ ਨਕਾਰਾਤਮਕ ਤੇ ਦਿਸ਼ਾਹੀਣ ਬਜਟ ਹੈ ਜਿਸ ਵਿੱਚ ਖੇਤੀ ਸੈਕਟਰ ਲਈ ਕੋਈ ਵਿਜ਼ਨ ਨਹੀਂ ਹੈ। ਇੱਥੋਂ ਤੱਕ ਕਿ ਖੇਤੀ ਸੈਕਟਰ ਲਈ ਕੋਈ ਯੋਜਨਾ ਵੀ ਨਹੀਂ ਬਚੀ ਹੈ।
ਉਨ੍ਹਾਂ ਕਿਹਾ ਕਿ ਇਸ ਬਜਟ ਵਿੱਚ ਨਾ ਤਾਂ MSP ਗਰੰਟੀ ਕਾਨੂੰਨ ਬਣਾਉਣ ਲਈ ਕੁਝ ਹੈ ਤੇ ਨਾ ਕੀ ਕਿਸਾਨ ਤੇ ਖੇਤ ਮਜ਼ਦੂਰਾਂ ਦੇ ਕਰਜ਼ ਮੁਆਫ਼ੀ ਲਈ ਕੋਈ ਜ਼ਿਕਰ ਕੀਤਾ ਗਿਆ ਹੈ। ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਬਾਰੇ ਵੀ ਇਸ ਬਜਟ ਵਿੱਚ ਕੁਝ ਨਹੀਂ ਹੈ। ਕੁੱਲ ਮਿਲਾ ਕੇ ਮੋਦੀ ਸਰਕਾਰ ਨੇ ਇਸ ਬਜਟ ਖੇਤੀ ਸੈਕਟਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ।
ਸਰਵਣ ਸਿੰਘ ਪੰਧੇਰ ਨੇ ਵੀਡੀਓ ਜਾਰੀ ਕਰਕੇ ਬਜਟ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਡਮ ਸੀਤਾਰਮਨ ਜੀ ਨੇ 11ਵੀਂ ਵਾਰ ਇਤਿਹਾਸਿਕ ਬਜਟ ਪੇਸ਼ ਕੀਤਾ ਹੈ ਅਤੇ ਦੇਸ਼ ਦੇ ਕਿਸਾਨ-ਮਜ਼ਦੂਰਾਂ ਨੂੰ ਵੀ 11ਵੀਂ ਵਾਰ ਅਣਦੇਖਿਆਂ ਕਰਨ ਦਾ ਇਤਿਹਾਸ ਰਚਿਆ ਗਿਆ ਹੈ। ਇਸ ਵਾਰ ਬਜਟ ਵਿੱਚ ਖੇਤੀ ਲਈ 1.52 ਲੱਖ ਕਰੋੜ ਰੁਪਏ ਦੀ ਰਕਮ ਰੱਖੀ ਗਈ ਹੈ ਜੋ ਕੁੱਲ ਬਜਟ ਦਾ 3% ਵੀ ਨਹੀਂ ਹੈ, ਜਦਕਿ ਦੇਸ਼ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਆਬਾਦੀ 70 ਫ਼ੀਸਦੀ ਹੈ।
ਉੱਪਰੋਂ ਇਸੇ ਬਜਟ ਵਿੱਚ ਵੀ ਵਾਤਾਵਰਨ ਮੁਤਾਬਕ ਨਵੇਂ ਬੀਜਾਂ ਦੀ ਖੋਜ ਹੋਵੇਗੀ, ਗ੍ਰਾਮੀਣ ਵਿਕਾਸ ਵੀ ਹੋਵੇਗਾ, ਤੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਦਾ ਕੰਮ ਵੀ ਇਸੇ ਬਜਟ ਵਿੱਚੋਂ ਲਿਆ ਜਾਵੇਗਾ। ਇਸ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਖੇਤੀਬਾੜੀ ਸੈਕਟਰ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।
ਇਸ ਦੇ ਇਲਾਵਾ ਉਨ੍ਹਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਬਾਰੇ ਵੀ ਮੋਦੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਨਿੱਜੀ ਕਾਰਪੋਰੇਟ ਸੈਕਟਰ ਨੌਜਵਾਨਾਂ ਨੂੰ ਕਿਹੜਾ ਰੁਜ਼ਗਾਰ ਦੇਵੇਗਾ? ਜਦਕਿ ਮੋਦੀ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤਾਂ ਦੇਣ ਨਹੀਂ ਵਾਲੀ ਹੈ। ਇਸ ਲਈ ਇਹ ਬਜਟ ਨਿਰਾਸ਼ਾ ਵਾਲਾ ਬਜਟ ਹੈ।