India Khetibadi Punjab

ਕਿਸਾਨਾਂ ਦਾ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਨੂੰ ਜਵਾਬ! “ਰਾਹ ਕਿਸਾਨਾਂ ਨੇ ਨਹੀਂ, ਬਲਕਿ ਹਰਿਆਣਾ ਤੇ ਕੇਂਦਰ ਸਰਕਾਰ ਨੇ ਬੰਦ ਕਰਾਇਆ” 8 ਤੇ 17 ਜੁਲਾਈ ਨੂੰ ਵੱਡੇ ਐਕਸ਼ਨ ਦਾ ਐਲਾਨ

ਬਿਉਰੋ ਰਿਪੋਰਟ: ਪਿਛਲੇ ਲਗਭਗ 145 ਦਿਨਾਂ ਤੋਂ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ’ਤੇ ਮੋਰਚਾ ਲਾ ਕੇ ਬੈਠੇ ਹਨ ਜਿਸ ਨੂੰ ਲੈ ਕੇ ਹੁਣ ਹਰਿਆਣਾ ਵਿੱਚ ਸਰਹੱਦਾਂ ਤੋਂ ਕਿਸਾਨਾਂ ਨੂੰ ਹਟਾਉਣ ਦੀ ਮੰਗ ਉੱਠਣ ਲੱਗੀ ਹੈ। ਹਰਿਆਣਾ ਦੇ ਟਰਾਂਸਪੋਰਟ ਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਅਸੀਮ ਗੋਇਲ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਹੈ ਜਿਸ ਤੋਂ ਬਾਅਦ ਮੋਰਚੇ ’ਤੇ ਬੈਠੇ ਕਿਸਾਨ ਲੀਡਰਾਂ ਦਾ ਇਸ ਬਾਰੇ ਸਪਸ਼ਟੀਕਰਨ ਸਾਹਮਣੇ ਆਇਆ ਹੈ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੋਰਚੇ ਤੋਂ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਨੇ ਅੱਜ ਕੇਂਦਰੀ ਖੇਤੀ ਮੰਤਰੀ ਨੂੰ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਗੱਲ ਕਰਨ ਕਿਉਂਕਿ ਕਿਸਾਨਾਂ ਨੇ ਸਰਹੱਦ ਬੰਦ ਕਰਕੇ ਰਾਹ ਰੋਕਿਆ ਹੋਇਆ ਹੈ ਜਿਸ ਕਰਕੇ ਆਮ ਲੋਕਾਂ ਅਤੇ ਖ਼ਸ ਕਰਕੇ ਵਪਾਰੀਆਂ ਨੂੰ ਆਪਣਾ ਕਾਰੋਬਾਰ ਕਰਨ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਸਰਾਸਰ ਝੂਠ ਹੈ ਤੇ ਇਸ ਬਿਆਨ ਨਾਲ ਕਿਸਾਨਾਂ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।

ਸਰਵਣ ਸਿੰਘ ਪੰਧੇਰ ਨੇ ਵੀਡੀਓ ਵਿੱਚ ਸਰਹੱਦ ਦੇ ਬੰਦ ਰਾਹ ਦਿਖਾਉਂਦਿਆਂ ਹੋਇਆ ਕਿਹਾ ਕਿ ਰਸਤਾ ਕਿਸਾਨਾਂ ਨੇ, ਬਲਕਿ ਹਰਿਆਣਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਕਹਿਣ ’ਤੇ ਕੇਂਦਰੀ ਅਰਧ ਸੈਨਿਕ ਬਲਾਂ ਵੱਲੋਂ ਰਾਹ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਕਹਿਣ ’ਤੇ ਫੌਜ ਵੱਲੋਂ ਰਾਹ ਵਿੱਚ ਕੰਧਾਂ ਕੱਢੀਆਂ ਗਈਆਂ ਹਨ ਤੇ ਕਿੱਲ ਠੋਕੇ ਗਏ ਹਨ। ਹਰਿਆਣਾ ਦੇ ਟਰਾਂਸਪੋਰਟ ਮੰਤਰੀ ਅਸੀਮ ਗੋਇਲ ਕਿਸਾਨਾਂ ’ਤੇ ਝੂਠਾ ਇਲਜ਼ਾਮ ਲਾ ਰਹੇ ਹਨ।

ਸ਼ੰਭੂ ਕਿਸਾਨ ਮੋਰਚੇ ਖ਼ਿਲਾਫ਼ ਵਪਾਰੀਆਂ ਤੇ ਦੁਕਾਨਦਾਰਾਂ ਦਾ ਪ੍ਰਦਰਸ਼ਨ 

ਦਰਅਸਲ ਸ਼ੰਭੂ ਕਿਸਾਨ ਮੋਰਚੇ ਦੇ ਖ਼ਿਲਾਫ਼ ਇੱਕ ਵਾਰ ਮੁੜ ਤੋਂ ਵਪਾਰੀ ਅਤੇ ਦੁਕਾਨਦਾਰ ਸਰਗਰਮ ਹੋਏ ਹਨ। ਅੱਜ ਅੰਬਾਲਾ ਦੇ ਦੁਕਾਨਦਾਰਾਂ ਨੇ 4 ਘੰਟੇ ਬੰਦ ਦਾ ਐਲਾਨ ਕੀਤਾ ਸੀ। ਉਨ੍ਹਾਂ ਦਾ ਇਲਜ਼ਾਮ ਸੀ ਕਿ 5 ਮਹੀਨੇ ਤੋਂ ਸ਼ੰਭੂ ਤੋਂ ਰਸਤਾ ਬੰਦ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦਾ ਵਪਾਰ ਠੱਪ ਹੋ ਗਿਆ ਹੈ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਦੇ ਲਾਲੇ ਪੈ ਗਏ ਹਨ। ਜੇ ਜਲਦ ਹੀ ਇਸ ਦਾ ਫੈਸਲਾ ਨਹੀਂ ਹੋਇਆ ਤਾਂ ਅਸੀਂ ਵੱਡਾ ਕਦਮ ਚੁੱਕਾਂਗੇ।

ਇਸ ’ਤੇ ਉੱਧਰ ਇੱਕ ਟੀਵੀ ਚੈਨਲ ਨਾਲ ਗੱਲ ਕਰਦੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਵਪਾਰੀਆਂ ਦੇ ਨਾਲ ਹਾਂ ਅਸੀ ਉਨ੍ਹਾਂ ਦੀ ਪਰੇਸ਼ਾਨੀ ਸਮਝ ਦੇ ਹਾਂ ਪਰ ਅਸੀਂ ਰਾਹ ਨਹੀਂ ਰੋਕਿਆ ਹੈ ਬਲਕਿ ਹਰਿਆਣਾ ਸਰਕਾਰ ਨੇ ਕੇਂਦਰ ਦੇ ਹੁਕਮਾਂ ਤੇ ਰੋਕਿਆ ਹੈ, ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਰਸਤਾ ਖੁੱਲ੍ਹਣਾ ਚਾਹੀਦਾ ਹੈ, ਸਿਰਫ਼ ਹਰਿਆਣਾ ਦੇ ਹੀ ਨਹੀਂ, ਪੰਜਾਬ ਦੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ।

ਕਿਸਾਨ ਵਪਾਰੀਆਂ ਤੇ ਦੁਕਾਨਦਾਰਾਂ ਦੇ ਨਾਲ – ਪੰਧੇਰ 

ਉਕਤ ਜਾਰੀ ਵੀਡੀਓ ਵਿੱਚ ਵੀ ਪੰਧੇਰ ਨੇ ਕਿਹਾ ਕੇ ਪੰਜਾਬ ਜਾਂ ਹਰਿਆਣਾ, ਦੋਵਾਂ ਸੂਬਿਆਂ ਦੇ ਵਪਾਰੀ ਜੇ ਰਾਹ ਖੁਲ੍ਹਵਾਉਣ ਲਈ ਬੰਦ ਦਾ ਸੱਦਾ ਦਿੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਪੂਰਾ ਸਾਥ ਦੇਵਾਂਗੇ, ਇੱਥੋਂ ਤੱਕ ਕਿ ਜੇ ਆਮ ਲੋਕਾਂ ਨੂੰ ਵੀ ਕਿਸੇ ਕਿਸਮ ਦੀ ਕਿਸਾਨਾਂ ਦੀ ਲੋੜ ਹੈ ਤਾਂ ਅਸੀਂ ਨਾਲ ਖੜੇ ਹਾਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਇਹ ਰਾਹ ਖੋਲ੍ਹਿਆ ਜਾਵੇ। ਕਿਸਾਨਾਂ ਵੱਲੋਂ ਰਸਤੇ ਬੰਦ ਨਹੀਂ ਕੀਤੇ ਗਏ ਹਨ, ਬਲਕਿ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੋਰਚਾ ਸਰਕਾਰ ਦੇ ਗਲ਼ ਦੀ ਹੱਡੀ ਬਣਿਆ ਹੋਇਆ ਹੈ।

8 ਤੇ 17 ਜੁਲਾਈ ਨੂੰ ਵੱਡੀ ਕਾਰਵਾਈ ਦਾ ਐਲਾਨ

ਇਸ ਸਪਸ਼ਟੀਕਰਨ ਦੇ ਨਾਲ ਹੀ ਕਿਸਾਨ ਆਗੂ ਨੇ ਲੋਕਾਂ ਤੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ 8 ਜੁਲਾਈ ਨੂੰ ਸਾਰੇ ਦੇਸ਼ ਦੇ 240 ਭਾਜਪਾ ਦੇ ਸਾਂਸਦ ਛੱਡ ਤੇ ਬਾਕੀ ਸਾਰੇ ਸਾਂਸਦਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਨੂੰ ਛੁਡਵਾਉਣ ਲਈ 17 ਜੁਲਾਈ ਨੂੰ ਐਸਪੀ ਅੰਬਾਲਾ ਦਾ ਘਿਰਾਓ ਕੀਤਾ ਜਾਵੇਗਾ।

 

ਸਬੰਧਿਤ ਖ਼ਬਰ – ਹਰਿਆਣਾ ’ਚ ਸ਼ੰਭੂ ਬਾਰਡਰ ਖੁਲ੍ਹਵਾਉਣ ਦੀ ਉੱਠੀ ਮੰਗ! ਟਰਾਂਸਪੋਰਟ ਮੰਤਰੀ ਨੇ ਕੇਂਦਰੀ ਖੇਤੀ ਮੰਤਰੀ ਨਾਲ ਕੀਤੀ ਮੁਲਾਕਾਤ