Khetibadi Lok Sabha Election 2024 Punjab

ਕਿਸਾਨਾਂ ਦਾ ‘ਰੇਲ ਰੋਕੋ ਅੰਦੋਲਨ’ ਮੁਲਤਵੀ, ਨੌਜਵਾਨਾਂ ਦੀ ਰਿਹਾਈ ਲਈ ਨਵੀਂ ਰਣਨੀਤੀ, ਪ੍ਰੈਸ ਕਾਨਫਰੰਸ ‘ਚ ਵੱਡੇ ਐਲਾਨ

ਕਿਸਾਨ ਅੰਦੋਲਨ 2 ਦੇ 100 ਦਿਨ ਪੂਰੇ ਹੋਣ ਅਤੇ ਸ਼ੰਭੂ ਰੇਲਵੇ ਸਟੇਸ਼ਨ ’ਤੇ ਤਿੰਨ ਕਿਸਾਨਾਂ ਦੀ ਰਿਹਾਈ ਲਈ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ ਸਬੰਧ ’ਚ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਹੈ ਕਿ ਹਰਿਆਣਾ ਸਰਕਾਰ ਵੱਲੋਂ ਗ੍ਰਿਫ਼ਤਾਰ ਤਿੰਨ ਕਿਸਾਨਾਂ ਦੀ ਰਿਹਾਈ ਲਈ ਪਿਛਲੇ ਇੱਕ ਮਹੀਨੇ ਤੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਨੂੰ ਸਥਗਿਤ ਕੀਤਾ ਜਾਵੇਗਾ ਤੇ ਕਿਸਾਨਾਂ ਦੀ ਰਿਹਾਈ ਲਈ ਪੰਜਾਬ ਅਤੇ ਹਰਿਆਣਾ ਦੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।

ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ 2 ਦੇ 100 ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ, ਖਨੋਰੀ, ਡੱਬਵਾਲੀ ਤੇ ਰਤਨਪੁਰਾ ਵਿਖੇ ਵਿਸ਼ਾਲ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ। ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਦੇਸ਼ ਭਰ ਤੋਂ ਕਾਨਫਰੰਸ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਦੇ ਠਹਿਰਣ ਅਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵੱਧ ਰਹੀ ਗਰਮੀ ਅਤੇ ਤਾਪਮਾਨ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਹਰਿਆਣਾ ਸਰਕਾਰ ਵੱਲੋਂ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਲਈ ਪਿਛਲੇ ਇੱਕ ਮਹੀਨੇ ਤੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਸਬੰਧੀ ਬੋਲਦਿਆਂ ਕਿਸਾਨ ਆਗੂ ਸੁਰਜੀਤ ਸਿੰਘ ਫੁੱਲ ਨੇ ਕਿਹਾ ਕਿ ਅੱਜ ਸ਼ਾਮ ਤੁਰੰਤ ਪ੍ਰਭਾਵ ਨਾਲ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨੇ ਨੂੰ ਸਥਗਿਤ ਕਰ ਦੇਣਗੇ ਅਤੇ ਆਪਣੇ ਸਾਥੀ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਸਟੇਸ਼ਨਾਂ ਤੇ ਰੇਲਵੇ ਟਰੈਕਾਂ ਤੋਂ ਉੱਠ ਕੇ ਪੰਜਾਬ ਤੇ ਹਰਿਆਣਾ ਦੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨਗੇ।

23 ਮਈ ਨੂੰ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਰੈਲੀ ਬਾਰੇ ਬੋਲਦਿਆਂ ਕਿਸਾਨਾਂ ਨੇ ਕਿਹਾ ਕਿ ਕਿ ਉਨ੍ਹਾਂ ਦੇ ਸੱਦੇ ਅਨੁਸਾਰ ਕਿਸਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਵਿਧਾਨਕ ਅਤੇ ਜਮਹੂਰੀ ਢੰਗ ਨਾਲ ਸਵਾਲ ਵੀ ਕਰਨਗੇ। ਉਨ੍ਹਾਂ ਨੂੰ ਪੁੱਛਣਗੇ ਕਿ ਉਨ੍ਹਾਂ ਨੇ ਪਿਛਲੇ ਅੰਦੋਲਨ ਵਿੱਚ ਕਿਸਾਨਾਂ ਨਾਲ ਧੋਖਾ ਅਤੇ ਝੂਠ ਕਿਉਂ ਬੋਲਿਆ? ਆਖ਼ਰ ਲਿਖਤੀ ਰੂਪ ਵਿਚ ਦੇਣ ਦੇ ਬਾਵਜੂਦ ਉਨ੍ਹਾਂ ਨੇ ਵਾਅਦਾ ਕਿਉਂ ਤੋੜਿਆ?

ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ। ਕਿਸਾਨ ਲੋਕਤੰਤਰ ਤੇ ਕਿਸਾਨੀ ਨੂੰ ਬਚਾਉਣ ਲਈ ਹਰ ਸੰਭਵ ਲੜਾਈ ਲੜਨਗੇ।

ਤਾਜ਼ਾ ਖ਼ਬਰ – ਚੰਡੀਗੜ੍ਹ ਤੋਂ CM ਯੋਗੀ ਦੀ ਲਲਕਾਰ! ‘ਪੰਜਾਬ ’ਚ ਮਾਫ਼ੀਆ ਖੁੱਲ੍ਹੇਆਮ ਘੁੰਮ ਰਹੇ, UP ’ਚ ਉਲਟੇ ਟੰਗ ਦਿੱਤੇ!’