‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਨੂੰ ਬਹੁਤ ਅਫ਼ਸੋਸ ਹੈ ਕਿ ਕਿਸਾਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਬੇਸਿੱਟਾ ਰਹੀ ਹੈ। ਪ੍ਰਸ਼ਾਸਨ ਵਿੱਚ ਬਿਲਕੁਲ ਵੀ ਪਰਿਵਰਤਨ ਨਹੀਂ ਆਇਆ ਹੈ। ਕਿਸਾਨ ਐੱਸਡੀਐੱਮ ਆਯੂਸ਼ ਸਿਨਹਾ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਪਰ ਸਰਕਾਰ ਉਸਦੇ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ। ਸਿਨਹਾ ਨੂੰ ਸਰਵਿਸ ਵਿੱਚੋਂ ਬਰਖ਼ਾਸਤ ਕਰਨ ਦੀ ਮੰਗ ਵੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ। ਕਰਨਾਲ ਪ੍ਰਸ਼ਾਸਨ ਆਪਣੇ ਅਧਿਕਾਰੀ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀਂ ਹੈ। ਐੱਸਡੀਐੱਮ ਸਰਕਾਰ ਦੇ ਕਹਿਣ ‘ਤੇ ਕੰਮ ਕਰ ਰਿਹਾ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਸਾਡਾ ਧਰਨਾ ਇੱਥੇ ਲਗਾਤਾਰ ਜਾਰੀ ਰਹੇਗਾ। ਇੱਕ ਮੋਰਚਾ ਅਸੀਂ ਹੁਣ ਇੱਥੇ ਵੀ ਖੋਲ੍ਹ ਲਵਾਂਗੇ।
ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇੱਥੇ ਸਾਡਾ ਘਿਰਾਉ ਪੱਕਾ ਰਹੇਗਾ। ਅਗਲੀ ਰਣਨੀਤੀ ਮੀਟਿੰਗ ਕਰਕੇ ਤਿਆਰ ਕੀਤੀ ਜਾਵੇਗੀ। ਸਾਡੀਆਂ ਪੰਜ ਛੇ ਮੰਗਾਂ ਸਨ ਪਰ ਸਰਕਾਰ ਪਹਿਲੀ ਮੰਗ ਹੀ ਨਹੀਂ ਮੰਨੀ। ਇਸ ਕਰਕੇ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਕਿਸਾਨ ਲੀਡਰਾਂ ਨੇ ਕਿਹਾ ਕਿ ਲੋਕ ਇੱਥੇ ਆ ਕੇ ਕੰਮ ਕਰ ਸਕਦੇ ਹਨ, ਅਸੀਂ ਉਨ੍ਹਾਂ ਨੂੰ ਤੰਗ ਨਹੀਂ ਕਰ ਰਹੇ। ਪੁਲਿਸ ਵੱਲੋਂ ਰਸਤੇ ਰੋਕੇ ਗਏ ਹਨ, ਕਿਸਾਨਾਂ ਨੇ ਆਮ ਲੋਕਾਂ ਦੇ ਲਈ ਰਸਤੇ ਨਹੀਂ ਰੋਕੇ ਹਨ।