The Khalas Tv Blog India ਚੰਡੀਗੜ੍ਹ ਗਰਜੇ ਕਿਸਾਨ-ਪੂਰੀ ਸਿਆਸਤ ਤੇ ਸਾਜਿਸ਼ ਕਾਰਨ ਹੋਈ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਸ਼ਹਾਦਤ
India Punjab

ਚੰਡੀਗੜ੍ਹ ਗਰਜੇ ਕਿਸਾਨ-ਪੂਰੀ ਸਿਆਸਤ ਤੇ ਸਾਜਿਸ਼ ਕਾਰਨ ਹੋਈ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਸ਼ਹਾਦਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਕੱਲ੍ਹ ਕਿਸਾਨਾਂ ਦੀ ਸ਼ਹੀਦੀ ਤੇ ਹੋਰ ਤਸ਼ੱਦਦ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਅੱਜ ਸਵੇਰੇ 10 ਵਜੋ ਤੋਂ ਦੁਪਹਿਰ 1 ਵਜੇ ਤੱਕ ਚੰਡੀਗੜ੍ਹ ਦੇ ਸੈਕਟਰ 17 ਵਿੱਚ ਸਥਿਤ ਡੀਸੀ ਦਫਤਰ ਅੱਗੇ ਧਰਨਾ ਲਗਾਇਆ ਗਿਆ। ਇਸ ਵਿਚ ਕਿਸਾਨਾਂ, ਵਿਦਿਆਰਥੀਆਂ ਤੇ ਬੁੱਧੀਜੀਵੀਆਂ ਨੇ ਲਖੀਮਪੁਰ ਖੀਰੀ ਹਿੰਸਾ ਖ਼ਿਲਾਫ਼ ਧਰਨਾ ਮਿੱਥੇ ਸਮੇਂ ‘ਤੇ ਬਾਅਦ ਦੁਪਿਹਰ 1 ਵਜੇ ਖਤਮ ਕਰ ਦਿੱਤਾ।

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਦੇ ਨਾਮ ਯੂਟੀ ਦੇ ਏਡੀਸੀ ਨੂੰ ਮੰਗ ਪੱਤਰ ਦਿੱਤਾ, ਜਿਸ ਵਿੱਚ ਲਖੀਮਪੁਰ ਖੀਰੀ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਮੰਤਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ।


ਇਹ ਵੀ ਦੱਸਿਆ ਗਿਆ ਹੈ ਕਿ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਸਵੇਰੇ ਚੰਡੀਗੜ੍ਹ ਦੇ ਸੈਕਟਰ 17 ਵਿੱਚ ਡੀਸੀ ਦਫਤਰ ਅੱਗੇ ਧਰਨਾ ਦੇਣ ਤੋਂ ਚੰਡੀਗੜ੍ਹ ਪੁਲੀਸ ਵੱਲੋਂ ਰੋਕਿਆ ਗਿਆ।

ਇਸ ਮੌਕੇ ਦ ਖ਼ਾਲਸ ਟੀਵੀ ਨਾ ਵਿਸ਼ੇਸ਼ ਤੌਰ ਉੱਤੇ ਗੱਲ ਕਰਦਿਆਂ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਵਲੋਂ ਉ੍ਨਾਂ ਨਾਲ ਤੇ ਡਾ. ਪਿਆਰੇ ਲਾਲ ਗਰਗ ਨਾਲ ਬਹੁਤ ਜਿਆਦਾ ਬਦਸਲੂਕੀ ਕੀਤੀ ਗਈ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਖਿੱਚ ਧੂਹ ਕਰਦਿਆਂ ਧਰਨੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਪੁਲਿਸ ਵੱਲੋਂ ਧਰਨਾਕਾਰੀਆਂ ਨੂੰ ਗ੍ਰਿਫਤਾਰ ਕਰ ਕੇ ਬੱਸ ਵਿੱਚ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਧਰਨਾਕਾਰੀ ਬੱਸ ਦੇ ਅੱਗੇ ਸੜਕ ਉੱਤੇ ਬੈਠ ਕੇ ਨਾਅਰੇਬਾਜ਼ੀ ਕਰਨ ਲੱਗੇ।

ਡਾ. ਸੁਖਦੇਵ ਸਿੰਘ ਸਿਰਸਾ, ਡਾ. ਪਿਆਰੇ ਲਾਲ ਗਰਗ, ਪ੍ਰੋ. ਮਨਜੀਤ ਸਿੰਘ, ਵਿਦਿਆਰਥੀ ਜਥੇਬੰਦੀਆਂ ਵਿੱਚ ਪੀਐੱਸਯੂ ਲਲਕਾਰ ਤੋਂ ਅਮਨ, ਐੱਸਐੱਫਐਸ ਤੋਂ ਸੰਦੀਪ, ਬਾਬਾ ਗੁਰਦਿਆਲ ਸਿੰਘ ਨੇ ਮੋਦੀ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ-ਆਰਐੱਸਐੱਸ ਦੀ ਸਖਤ ਨਿੰਦਾ ਕੀਤੀ। ਲੰਬੇ ਸੰਘਰਸ਼ ਬਾਅਦ ਹੁਣ ਸੈਕਟਰ 17 ਵਿੱਚ ਧਰਨਾ ਸ਼ੁਰੂ ਹੋ ਗਿਆ ਹੈ।

ਯੂਪੀ ਵਿਚ ਪੰਜਾਬ ਦੇ ਲੋਕਾਂ ਦੀ ਐਂਟਰੀ ਬੈਨ ਕਰਨ ਦੇ ਮਾਮਲੇ ਉੱਤੇ ਧਰਨਾਕਾਰੀਆਂ ਨੇ ਕਿਹਾ ਮੋਦੀ ਸਰਕਾਰ ਬੈਨ ਕਰਨ, ਹਿਰਾਸਤ ਵਿਚ ਲੈਣ ਤੇ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ ਉੱਤੇ ਲਾਠੀਚਾਰਜ ਕਰਨ ਤੋਂ ਇਲਾਵਾ ਹੋਰ ਕਰ ਵੀ ਕੀ ਸਕਦੀ ਹੈ।

Exit mobile version