ਹਰਿਆਣਾ ਬਾਰਡਰ ਉਤੇ ਕਿਸਾਨਾਂ ਦੇ ਚਲ ਰਹੇ ਅੰਦੋਲਨ ਨੂੰ ਬੀਤੇ ਰਾਤ ਨੂੰ ਸਰਕਾਰ ਵੱਲੋਂ ਜ਼ਬਰੀ ਚੁੱਕੇ ਜਾਣ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰ ਦੀ ਇਸ ਕਾਰਵਾਈ ਖਿਲਾਫ ਅੱਜ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ਉਤੇ ਪ੍ਰਦਰਸ਼ਨ ਕੀਤਾ ਗਿਆ। ਮੋਗਾ ਵਿੱਚ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ।
ਜਦੋਂ ਕਿਸਾਨ ਇਕੱਠੇ ਹੋ ਕੇ ਡੀਸੀ ਦਫ਼ਤਰ ਵੱਲ ਵੱਧਣ ਲੱਗੇ ਤਾਂ ਪੁਲਿਸ ਨੇ ਨਾਕਾ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਿਸਾਨਾਂ ਤੇ ਪੁਲਿਸ ਵਿਚਕਾਰ ਝੜਪ ਵੀ ਹੋਈ। ਕਿਸਾਨ ਪੁਲਿਸ ਦਾ ਨਾਕਾ ਤੋੜਕੇ ਅੱਗੇ ਵੱਧ ਵਿੱਚ ਸਫਲ ਹੋ ਗਏ।
ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਰੋਡ ’ਤੇ ਪਿੰਡ ਸੰਗੂਧੌਣ ਨੇੜੇ ਦੋ ਵਾਰ ਸੜਕ ’ਤੇ ਧਰਨਾ ਦੇਣ ਦੀ ਕੋਸ਼ਿਸ਼ ਕਰਦੇ ਕਿਸਾਨ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਹਨ। ਕਿਸਾਨਾਂ ਨੇ ਅੰਸ਼ਿਕ ਤੌਰ ’ਤੇ ਜਦੋਂ ਧਰਨਾ ਸ਼ੁਰੂ ਕੀਤਾ ਤਾਂ ਨਾਲ ਦੀ ਨਾਲ ਹੀ ਪੁਲਿਸ ਵਲੋਂ ਗ੍ਰਿਫਤਾਰ ਕਰਕੇ ਗੱਡੀਆਂ ਵਿਚ ਬਿਠਾ ਲਿਆ ਗਿਆ।
ਇਸ ਮੌਕੇ ਡੀ.ਐਸ.ਪੀ. ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਕਰੀਬ 44 ਕਿਸਾਨ ਇਸ ਸੜਕ ’ਤੇ ਧਰਨਾ ਲਾਉਣ ਸਮੇਂ ਗ੍ਰਿਫਤਾਰ ਕੀਤੇ ਹਨ ਅਤੇ ਟ੍ਰੈਫਿਕ ਵਿਚ ਕੋਈ ਵੀ ਵਿਘਨ ਨਹੀਂ ਪੈਣ ਦਿੱਤਾ ਗਿਆ। ਇਸ ਮੌਕੇ ਕਿਸਾਨ ਆਗੂ ਕਰਨ ਸਿੰਘ ਭੁੱਟੀਵਾਲਾ, ਹਰਿੰਦਰ ਸਿੰਘ ਥਾਂਦੇਵਾਲਾ, ਗਿਆਨ ਸਿੰਘ ਭੁੱਟੀਵਾਲਾ ਅਤੇ ਹਰਦੇਵ ਸਿੰਘ ਸੂਰੇਵਾਲਾ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਗਿਦੜਬਾਹਾ ਵਿੱਚ ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇ ਉਤੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਕਈ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ।