India Khetibadi Punjab

ਕਿਸਾਨਾਂ ਵੱਲੋਂ ਭਲਕੇ ਰਾਜਪੁਰਾ ਗਗਨ ਚੌਂਕ ’ਤੇ ਲਾਇਆ ਜਾਣ ਵਾਲਾ ਧਰਨਾ ਮੁਲਤਵੀ! ਸਰਕਾਰ ਨੂੰ ਤੀਜੀ ਵਾਰ ਦਿੱਤਾ ਸਮਾਂ

ਬਿਉਰੋ ਰਿਪੋਰਟ: ਸ਼ੰਭੂ ਬਾਰਡਰ ’ਤੇ ਚੱਲ ਰਹੇ ਧਰਨੇ ’ਤੇ ਕਿਸਾਨਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਨੂੰ ਲੈ ਕੇ ਕੱਲ੍ਹ ਰਾਜਪੁਰਾ ਗਗਨ ਚੌਂਕ ’ਤੇ ਧਰਨਾ ਲਾਇਆ ਜਾਣਾ ਸੀ ਪਰ ਇਸ ਨੂੰ ਕਿਸਾਨਾਂ ਨੇ ਕੁਝ ਦਿਨਾਂ ਵਾਸਤੇ ਮੁਲਤਵੀ ਕਰ ਦਿੱਤਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਹੈ ਕਿ ਉਹ ਹੁਣ ਆਪਣੇ ਵਾਅਦੇ ਤੋਂ ਭੱਜੇ ਨਾ। ਨਹੀਂ ਤਾਂ ਅਗਲੀ ਵਾਰੀ ਮੋਰਚਾ ਜ਼ਰੂਰ ਲਾਇਆ ਜਾਵੇਗਾ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਾਫੀ ਕੰਮ ਕਰ ਦਿੱਤਾ ਗਿਆ ਸੀ, ਪਰ ਬਿਜਲੀ ਦਾ ਕੰਮ ਵੀ ਨਹੀਂ ਨਿੱਬੜਿਆ ਜੋ ਕਿ ਪੰਜਾਬ ਸਰਕਾਰ ਦੀ ਤਰਫੋਂ ਬਕਾਇਆ ਹੈ।

ਉਨ੍ਹਾਂ ਕਿਹਾ ਕਿ ਉਂਞ ਸਰਕਾਰ ਆਪਣੇ ਆਪ ਨੂੰ ਕਿਸਾਨਾਂ ਦੀ ਸਮਰਥਕ ਦੱਸਦੀ ਹੈ ਪਰ ਪਿਛਲੇ 7 ਮਹਿਨਿਆਂ ਵਿੱਚ ਮੋਰਚੇ ’ਤੇ ਬੈਠੇ ਕਿਸਾਨਾਂ ਨੂੰ ਸਹੀ ਢੰਗ ਦੀ ਬਿਜਲੀ ਮੁਹੱਈਆ ਨਹੀਂ ਕਰਵਾ ਸਕੀ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇੱਕ ਵਾਰ ਫੇਰ ਸਾਡੇ ਕੋਲੋਂ ਸਮਾਂ ਮੰਗਿਆ ਹੈ ਤੇ ਅਸੀਂ ਸਮਾਂ ਦੇ ਦਿੱਤਾ ਹੈ। ਧਰਨੇ ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਅਜਿਹਾ ਤਾਂ ਕੀਤਾ ਗਿਆ ਹੈ ਕਿ ਕਿਸਾਨਾਂ ਦਾ ਮਕਸਦ ਆਮ ਲੋਕਾਂ ਨੂੰ ਖੱਜਲ ਖੁਆਰ ਕਰਨਾ ਨਹੀਂ ਹੈ।