‘ਦ ਖ਼ਾਲਸ ਬਿਊਰੋ :- ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਕਿਸਾਨ ਦਿੱਲੀ ਦੇ ਬਾਰਡਰਾਂ ਦੇ ਵੱਖ-ਵੱਖ ਪ੍ਰਦਰਸ਼ਨ ਵਾਲੀਆਂ ਥਾਂਵਾਂ ਨੂੰ ਜੋੜਨ ਵਾਲੇ KMP ਐਕਸਪ੍ਰੈੱਸ ਵੇਅ ‘ਤੇ ਨਾਕਾਬੰਦੀ ਕਰ ਰਹੇ ਹਨ। ਕਿਸਾਨਾਂ ਵੱਲੋਂ ਅੱਜ ਸ਼ਾਮ 4 ਵਜੇ ਤੱਕ KMP ਐਕਸਪ੍ਰੈੱਸ ਵੇਅ ‘ਤੇ ਚੱਕਾ ਜਾਮ ਕੀਤਾ ਜਾਵੇਗਾ।
ਕਿਸਾਨ ਟੋਲ ਪਲਾਜ਼ਾ ਨੂੰ ਟੋਲ ਫੀਸ ਅਦਾ ਕਰਨ ਤੋਂ ਵੀ ਮੁਕਤ ਕਰਨਗੇ। ਸੰਯੁਕਤ ਕਿਸਾਨ ਮੋਰਚਾ ਨੇ ਲੋਕਾਂ ਨੂੰ ਕਿਸਾਨੀ ਅੰਦੋਲਨ ਦੇ 100 ਦਿਨ ਪੂਰੇ ਹੋਣ ‘ਤੇ ਕਾਲੀ ਪੱਟੀ ਬੰਨ੍ਹ ਕੇ ਆਪਣਾ ਵਿਰੋਧ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।
ਕਿਸਾਨ ਸਿੰਘੂ ਬਾਰਡਰ ਤੋਂ ਕੁੰਡਲੀ ਬਾਰਡਰ ਐਕਸਪ੍ਰੈਸ ਵੇਅ ਦਾ ਰਸਤਾ ਬਲਾਕ ਕਰਨਗੇ ਤਾਂ ਉਹ ਇਸ ਰਸਤੇ ‘ਤੇ ਪੈਣ ਵਾਲੇ ਟੋਲ ਪਲਾਜ਼ਾ ਨੂੰ ਵੀ ਬਲਾਕ ਕਰਨਗੇ। ਗਾਜ਼ੀਪੁਰ ਬਾਰਡਰ ਤੋਂ ਕਿਸਾਨ ਡਾਸਨਾ ਟੋਲ ਵੱਲ ਕੂਚ ਕਰਨਗੇ। ਟਿਕਰੀ ਬਾਰਡਰ ਨੇੜੇ ਬਹਾਦੁਰਗੜ ਬਾਰਡਰ ਵੀ ਜਾਮ ਕੀਤਾ ਜਾਵੇਗਾ। ਸ਼ਾਹਜਹਾਪੁਰ ਬਾਰਡਰ ‘ਤੇ ਬੈਠੇ ਕਿਸਾਨ ਗੁਰੂਗ੍ਰਾਮ-ਮਾਨੇਸਰ ਨੂੰ ਜੋੜਨ ਵਾਲੀ ਕੇਐੱਮਪੀ ਐਕਸਪ੍ਰੈਸ ਨੂੰ ਬਲਾਕ ਕਰਨਗੇ। ਜਾਣਕਾਰੀ ਮੁਤਾਬਕ ਕਿਸਾਨਾਂ ਵੱਲੋਂ ਜਿਨ੍ਹਾਂ ਬਾਰਡਰਾਂ ਤੋਂ ਜੋ ਟੋਲ ਪਲਾਜ਼ਾ ਨੇੜੇ ਹੋਵੇਗਾ, ਉਸਨੂੰ ਵੀ ਬਲਾਕ ਕਰ ਦਿੱਤਾ ਜਾਵੇਗਾ।
ਗਾਜ਼ੀਪੁਰ ਬਾਰਡਰ ‘ਤੇ ਬੈਠੇ ਭਾਰਤੀ ਕਿਸਾਨ ਯੂਨੀਅਨ ਦੇ ਉੱਤਰ ਪ੍ਰਦੇਸ਼ ਦੇ ਪ੍ਰਧਾਨ ਰਾਜਵੀਰ ਸਿੰਘ ਜਾਦੋਨ ਨੇ ਦੱਸਿਆ ਕਿ ਕਿਸਾਨ ਇੱਥੋਂ ਡਾਸਨਾ ਟੋਲ ਵੱਲ ਕੂਚ ਕਰਨਗੇ, ਪਰ ਹਰਿਆਣਾ-ਯੂਪੀ ਦੇ ਜਿੰਨੇ ਵੀ ਟੋਲ ਪੈਣਗੇ, ਜਿਵੇਂ ਕਿ ਦੁਹਾਈ, ਕਾਸਨਾ, ਨੋਇਡਾ ਆਦਿ ਸਭ ‘ਤੇ ਕਿਸਾਨ ਰਹਿਣਗੇ ਅਤੇ ਜਾਮ ਕੀਤੇ ਜਾਣਗੇ।”
ਉਨ੍ਹਾਂ ਕਿਹਾ ਕਿ, “ਇਹ ਟੋਲ ਪਲਾਜ਼ਾ ਸ਼ਾਂਤਮਈ ਢੰਗ ਨਾਲ ਬੰਦ ਕੀਤੇ ਜਾਣਗੇ, ਰਾਹਗੀਰਾਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ, ਰਾਹਗੀਰਾਂ ਲਈ ਪਾਣੀ ਦੇ ਪ੍ਰਬੰਧ ਕੀਤੇ ਜਾਣਗੇ, ਅੰਦੋਲਨਕਾਰੀ ਰਾਹਗੀਰਾਂ ਨੂੰ ਖੇਤੀਬਾੜੀ ਦੇ ਵਿਸ਼ੇ ‘ਤੇ ਆਪਣਾ ਦੁੱਖ ਵੀ ਦੱਸਣਗੇ।”
ਕਿਸਾਨਾਂ ਵੱਲੋਂ ਅੰਬਾਲਾ-ਪਾਣੀਪਤ ਰੋਡ ‘ਤੇ ਚੱਕਾ ਜਾਮ ਕੀਤਾ ਗਿਆ। ਕਿਸਾਨਾਂ ਨੇ ਕੁੰਡਲੀ ਦੇ KMP ‘ਤੇ ਵੀ ਚੱਕਾ ਜਾਮ ਕੀਤਾ। ਹਰਿਆਣਾ ਦੇ ਪਲਵਲ ‘ਚ ਵੀ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ, “ਐਮਰਜੈਂਸੀ ਵਾਹਨਾਂ ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਕਿਸੇ ਵਿਦੇਸ਼ੀ ਯਾਤਰੀਆਂ ਨੂੰ ਨਹੀਂ ਰੋਕਿਆ ਜਾਵੇਗਾ। ਇਸਦੇ ਨਾਲ ਹੀ, ਫੌਜੀ ਵਾਹਨਾਂ ਨੂੰ ਵੀ ਨਹੀਂ ਰੋਕਿਆ ਜਾਵੇਗਾ।”
ਸੰਯੁਕਤ ਕਿਸਾਨ ਮੋਰਚਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅੰਦੋਲਨ ਦੀ ਹਮਾਇਤ ਕਰਨ ਅਤੇ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਘਰਾਂ ਅਤੇ ਦਫਤਰਾਂ ਵਿੱਚ ਕਾਲੇ ਝੰਡੇ ਲਹਿਰਾਏ ਜਾਣ।
ਕਿਸਾਨਾਂ ਦਾ KMP ਐਕਸਪ੍ਰੈੱਸ ਵੇਅ ‘ਤੇ ਪੰਜ ਘੰਟਿਆਂ ਦਾ ਜਾਮ ਸਫਲ ਰਿਹਾ ਹੈ।